ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਐਲਾਨੀ ਗਈ ਪੰਜਾਬੀ ਫਿਲਮ 'ਪੰਜਾਬੀ ਆ ਗਏ ਓਏ' ਸੈੱਟ ਉਤੇ ਪੁੱਜ ਗਈ ਹੈ, ਜਿਸ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਅਤੇ ਸਿੰਘਾ ਲੀਡਿੰਗ ਕਿਰਦਾਰਾਂ 'ਚ ਨਜ਼ਰ ਆਉਣਗੇ। 'ਅਦਿੱਤਯ ਗਰੁੱਪ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਹਰਮਨਦੀਪ ਸੂਦ, ਜਦਕਿ ਲੇਖਨ ਅਤੇ ਨਿਰਦੇਸ਼ਨ ਅਦਿੱਤਯ ਕਰਨਗੇ, ਜੋ ਇਸ ਤੋਂ ਪਹਿਲਾਂ ਵੀ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਡ੍ਰਾਮੈਟਿਕ ਅਤੇ ਐਕਸ਼ਨ ਕਹਾਣੀ-ਸਾਰ ਅਧਾਰਿਤ ਉਕਤ ਫਿਲਮ ਦੀ ਸ਼ੂਟਿੰਗ ਮੋਹਾਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਪਾਲੀਵੁੱਡ ਵਿੱਚ ਬਤੌਰ ਲੇਖਕ ਅਤੇ ਅਦਾਕਾਰ ਚੌਖੀ ਭੱਲ ਸਥਾਪਿਤ ਕਰ ਚੁੱਕੇ ਪ੍ਰਿੰਸ ਕੰਵਲਜੀਤ ਸਿੰਘ ਅਤੇ ਗਾਇਕੀ ਖੇਤਰ ਦੇ ਚਰਚਿਤ ਨਾਵਾਂ ਵਿੱਚ ਸ਼ੁਮਾਰ ਕਰਵਾਉਂਦੇ ਸਿੰਘਾ ਲੀਡਿੰਗ ਰੋਲ ਅਦਾ ਕਰ ਰਹੇ ਹਨ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਪਾਲੀਵੁੱਡ ਦੀਆਂ ਅਗਾਮੀ ਬਿੱਗ ਸੈੱਟਅੱਪ ਫਿਲਮਾਂ ਵਿੱਚ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਅਦਾਕਾਰਾ ਟਿਵੰਕਲ ਅਰੋੜਾ ਵੀ ਖਾਸ ਆਕਰਸ਼ਨ ਹੋਵੇਗੀ, ਜੋ ਅਪਣੀ ਇਸ ਪਲੇਠੀ ਫਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ। ਉਸ ਤੋਂ ਇਲਾਵਾ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਰੋਲਜ਼ ਅਦਾ ਕਰਨਗੇ।
ਓਧਰ ਉਕਤ ਨਵੀਂ ਫਿਲਮ ਨੂੰ ਲੈ ਕੇ ਇੱਕ ਵਾਰ ਫਿਰ ਉਤਸ਼ਾਹਿਤ ਨਜ਼ਰ ਆ ਰਹੇ ਨਿਰਦੇਸ਼ਨ ਅਦਿੱਤਯ ਦੇ ਹੁਣ ਤੱਕ ਦੇ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਕੈਨੇਡਾ ਵਸੇਂਦੇ ਇਹ ਫਿਲਮਕਾਰ ਲਗਾਤਾਰਤਾ ਨਾਲ ਪੰਜਾਬੀ ਸਿਨੇਮਾ ਵਿੱਚ ਅਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਹੁਣ ਤੱਕ ਦਰਸ਼ਕਾਂ ਦੇ ਸਨਮੁੱਖ ਕੀਤੀਆਂ ਗਈਆਂ ਫਿਲਮਾਂ ਵਿੱਚ 'ਮਰ ਜਾਵਾਂ ਗੁੜ ਖਾਕੇ', 'ਓਏ ਹੋਏ ਪਿਆਰ ਹੋ ਗਿਆ', 'ਤੇਰੀ ਮੇਰੀ ਜੋੜੀ' ਆਦਿ ਸ਼ਾਮਿਲ ਰਹੀਆਂ ਹਨ। ਇੰਨ੍ਹਾਂ ਤੋਂ ਇਲਾਵਾ ਸੰਪੂਰਨ ਹੋ ਚੁੱਕੀ ਉਨ੍ਹਾਂ ਦੀ ਨਿਰਮਿਤ ਕੀਤੀ ਇੱਕ ਹੋਰ ਪੰਜਾਬੀ ਫਿਲਮ 'ਸੈਕਟਰ 17' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਮੁਨੀਸ਼ ਭੱਟ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: