ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੌੜ ਲੱਗੀ ਹੋਈ ਹੈ, ਉੱਥੇ ਹੀ ਆਪਣੇ ਜ਼ਿੰਦਗੀ ਦੇ 15 ਸਾਲ ਵਿਦੇਸ਼ਾਂ ਵਿੱਚ ਰੋਲਣ ਤੋਂ ਬਾਅਦ ਆਖੀਰ ਇੱਕ ਗੁਰਸਿੱਖ ਵਿਅਕਤੀ ਸੁਖਬੀਰ ਸਿੰਘ ਵਾਪਸ ਪੰਜਾਬ ਪਰਤ ਆਏ ਹਨ ਤੇ ਇੱਥੇ ਆ ਕੇ ਉਹਨਾਂ ਨੇ ਆਪਣਾ ਵਪਾਰ ਸ਼ੁਰੂ ਕੀਤਾ ਹੈ, ਜਿਸ ਵਿੱਚ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਲਾਭ ਹੋ ਰਿਹਾ ਹੈ। ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਘਰ ਵਿੱਚ ਹੱਥੀ ਤਿਆਰ ਕੀਤੀ ਖੋਏ ਦੀ ਬਰਫੀ, ਵੇਸਨ ਤੇ ਨਾਰੀਅਲ ਦੀ ਬਰਫੀ (Homemade Sweets) ਸਣੇ ਕਈ ਮਿਠਾਈਆਂ ਸਕੂਟਰੀ ਉੱਤੇ ਵੇਚ ਰਿਹਾ ਹੈ ਜੋ ਕਿ ਲੋਕ ਬਹੁਤ ਪਸੰਦ ਕਰ ਰਹੇ ਹਨ।
ਵਿਦੇਸ਼ ਤੋਂ ਆ ਕੇ ਸ਼ੁਰੂ ਕੀਤਾ ਇਹ ਕੰਮ: ਸੁਖਬੀਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕਰੀਬ 15 ਸਾਲ ਸਿੰਗਾਪੁਰ, ਕੁਵੈਤ ਤੇ ਸਾਊਥ ਅਫਰੀਕਾ ਵਿੱਚ ਰਹਿ ਕੇ ਆਇਆ ਹੈ ਤੇ ਪੰਜਾਬ ਦਾ ਮੋਹ ਉਸ ਨੂੰ ਇੱਥੇ ਖਿੱਚ ਲਿਆਇਆ ਹੈ। ਸੁਖਬੀਰ ਨੇ ਦੱਸਿਆ ਕਿ ਜਦੋਂ ਉਹ ਵਾਪਿਸ ਪੰਜਾਬ ਆਇਆ ਤਾਂ ਇੱਕ ਰਿਸ਼ਤੇਦਾਰ ਨੇ ਘਰ ਦਾ ਦੁੱਧ ਉਸ ਨੂੰ ਹੀ ਦੇਣ ਦਾ (Sweets On Activa) ਆਫਰ ਕੀਤਾ ਸੀ, ਜਿਸ ਤੋਂ ਬਾਅਦ ਮੈਂ ਘਰ ਦੇ ਦੁੱਧ ਨਾਲ ਹੀ ਮਠਿਆਈਆਂ ਤਿਆਰ ਕਰ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਸੁਖਬੀਰ ਨੇ ਦੱਸਿਆ ਕਿ ਘਰ ਦਾ ਦੁੱਧ ਸ਼ੁੱਧ ਹੋਣ ਕਾਰਨ, ਉਹ ਬਰਫ਼ੀ ਵੀ ਸ਼ੁੱਧ ਤਿਆਰ ਕਰਨ ਲੱਗਾ, ਜਿਸ ਤੋਂ ਬਾਅਦ ਲੋਕਾਂ ਨੂੰ ਇਹ ਬਹੁਤ ਪਸੰਦ ਆਉਣ ਲੱਗੀ ਤੇ ਉਸ ਦੀ ਵਿਕਰੀ ਵੀ ਦਿਨ ਪ੍ਰਤੀ ਦਿਨ ਵਧਦੀ ਹੀ ਗਈ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਬਰਫੀ ਘੱਟ ਜਾਂਦੀ ਹੈ, ਪਰ ਖਰੀਦਦਾਰ ਦਿਨ ਪ੍ਰਤੀ ਦਿਨ ਵਧ ਹੀ ਰਹੇ ਹਨ।
ਵਿਦੇਸ਼ ਜਾਣਾ ਮਾੜੀ ਗੱਲ ਨਹੀਂ, ਪਰ ਰੀਸ ਨਹੀਂ ਕਰਨੀ ਚਾਹੀਦੀ : ਸੁਖਬੀਰ ਸਿੰਘ ਨੇ ਦੱਸਿਆ ਕਿ ਵਿਦੇਸ਼ ਜਾਣਾ ਕੋਈ ਗ਼ਲਤ ਗੱਲ ਨਹੀਂ, ਪਰ ਕਿਸੇ ਦੀ ਰੀਸ ਕਰਨੀ ਗਲਤ ਹੈ। ਉਹਨਾਂ ਨੇ ਕਿਹਾ ਕਿ ਉਹ ਹੀ ਨੌਜਵਾਨ ਵਿਦੇਸ਼ ਜਾਣ ਜਿਹਨਾਂ ਕੋਲ ਉੱਚੇਰੀ ਡਿੱਗਰੀ ਤੇ ਹੁਨਰ ਹੈ। ਸਿਰਫ਼ ਇੱਕ-ਦੂਜੇ ਦੀ ਰੀਸ ਕਰ ਲੈਣਾ ਗਲਤ ਹੈ। ਉਹਨਾਂ ਦੱਸਿਆ ਕਿ ਪੰਜਾਬ ਵਰਗੀ ਮੌਜ਼ ਕਿਤੇ ਵੀ ਨਹੀਂ ਹੈ, ਉਹਨਾਂ ਨੇ ਵਿਦੇਸ਼ਾਂ ਵਿੱਚ ਬਹੁਤ ਧੱਕੇ ਖਾਦੇ ਹਨ। ਪੰਜਾਬ ਦੇ ਪਾਣੀ ਵਰਗਾ ਪਾਣੀ ਕਿਤੇ ਨਹੀਂ, ਹੋਰ ਤਾਂ ਕੀ ਰੀਸ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨ ਆਪਣੇ ਵਤਨ ਵਿੱਚ ਰਹਿ ਹੀ ਮਿਹਨਤ ਕਰਨ ਤਾਂ ਚੰਗੀ ਤਰੱਕੀ ਕੀਤੀ ਜਾ ਸਕਦੀ ਹੈ।