ਅੰਮ੍ਰਿਤਸਰ: ਪੂਰੇ ਦੇਸ਼ ਵਿੱਚ 2024 ਦੇ ਸਵਾਗਤ ਲਈ ਹਰ ਇੱਕ ਵਰਗ ਨੇ ਆਪਣੇ ਹੀ ਢੰਗ ਨਾਲ ਖੁਸ਼ੀਆਂ ਤੇ ਸੈਲੀਬ੍ਰੇਸ਼ਨ ਕੀਤਾ ਹੈ। ਉੱਥੇ ਹੀ, ਅੰਮ੍ਰਿਤਸਰ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚ ਰਹੀਆਂ ਹਨ। ਇਸ ਦੇ ਨਾਲ ਹੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਂਸਦ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਸਣੇ ਕਾਂਗਰਸੀ ਆਗੂ ਗੁਰਜੀਤ ਔਜਲਾ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਅੱਜ ਸਵੇਰੇ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚ ਰਹੇ ਹਨ।
ਸੰਗਤਾਂ ਨੇ ਸਭਨਾਂ ਲਈ ਕੀਤੀ ਅਰਦਾਸ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚ ਰਹੀਆਂ ਸੰਗਤਾਂ ਨੇ ਦੱਸਿਆ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ, ਜੋ ਨਵੇਂ ਸਾਲ ਦੀ ਸ਼ੁਰੂਆਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਕਰਦੇ ਹਨ ਕਿ ਨਵਾਂ 2024 ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ।
ਬਾਦਲ ਪਰਿਵਾਰ ਵੀ ਹੋਇਆ ਨਤਮਸਤਕ: ਬੀਤੀ 31 ਦਸੰਬਰ ਦੀ ਰਾਤ ਬਾਦਲ ਪਰਿਵਾਰ ਵੀ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪਹੁੰਚਿਆਂ। ਇਸ ਦੌਰਾਨ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਤਿੰਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਸਮੂਹ ਪੰਜਾਬ ਤੇ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆ ਕਿਹਾ ਕਿ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ (Badal Family In Golden Temple) ਭਰਿਆ ਆਵੇ।
ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਨਵਾਂ ਸਾਲ ਹਰ ਇੱਕ ਲਈ ਚੰਗਾ ਤੇ ਖੁਸ਼ੀ ਭਰਿਆ ਆਵੇ। ਜੇਕਰ ਕੋਈ ਗ਼ਲਤੀ ਲੰਘੇ ਸਾਲ ਹੋਈ, ਤਾਂ ਉਸ ਲਈ ਵੀ ਵਾਹਿਗੁਰੂ ਭੁੱਲ ਬਖ਼ਸ਼ੇ। ਉਨ੍ਹਾਂ ਨੇ ਸਾਰਿਆਂ ਦੀ ਚੰਗੀ ਸਿਹਤਯਾਬੀ ਦੀ ਅਰਦਾਸ ਕੀਤੀ।
ਕਾਂਗਰਸੀ ਨੇਤਾ ਔਜਲਾ ਵੀ ਪਹੁੰਚੇ ਸ੍ਰੀ ਦਰਬਾਰ ਸਾਹਿਬ: ਇਸ ਖਾਸ ਦਿਨ ਮੌਕੇ ਕਾਂਗਰਸ ਦੇ ਆਗੂ ਗੁਰਜੀਤ ਔਜਲਾ ਵੀ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ।
ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹਰ ਸਾਲ ਹੀ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ 2 ਲੱਖ ਤੋਂ ਵੱਧ ਸ਼ਰਧਾਲੂ 31 ਦਸੰਬਰ ਦੀ ਰਾਤ ਮੱਥਾ ਟੇਕਣ ਪਹੁੰਚਦੇ ਹਨ ਅਤੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਖ਼ਤਾ ਇੰਤਜ਼ਾਮ ਕੀਤੇ ਜਾਂਦੇ ਹਨ, ਤਾਂ ਜੋ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਪਰੇਸ਼ਾਨੀ ਨਾ ਆਵੇ। ਦੂਜੇ ਪਾਸੇ ਸੰਗਤਾਂ ਵੀ ਸ਼ਰਧਾ ਭਾਵਨਾ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚ ਰਹੀਆਂ ਹਨ।