ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੁਰਾਣੀਆਂ ਸਰਕਾਰੀ ਇਮਾਰਤਾਂ ਦਾ ਨਵੀਨੀਕਰਨ ਅਤੇ ਕਈ ਜਗ੍ਹਾ ਸਰਕਾਰੀ ਵਿਭਾਗਾਂ ਨੂੰ ਨਵੀਂਆਂ ਬਿਲਡਿੰਗਾਂ ਉਸਾਰ ਕੇ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਪੰਜਾਬ ਭਰ ਦੇ ਵਿੱਚ ਕਈ ਮੁੱਖ ਸਟੇਸ਼ਨਾਂ ਨੂੰ ਧਿਆਨ ਹਿੱਤ ਰੱਖਦਿਆਂ ਥਾਣਿਆਂ ਦੀਆਂ ਈਕੋ ਮਾਡਲ ਦੀਆਂ ਨਵੀਂਆਂ ਬਿਲਡਿੰਗਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿੱਚ ਹੁਣ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਤਰਿਸੱਕਾ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।
ਪੁਲਿਸ ਥਾਣਾ ਤਰਸਿੱਕਾ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਰੱਖੇ ਉਦਘਾਟਨੀ ਪ੍ਰੋਗਰਾਮ ਦੌਰਾਨ ਥਾਣਾ ਤਰਸਿੱਕਾ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ (ਆਈਪੀਐਸ) ਵਿਸ਼ੇਸ਼ ਤੌਰ 'ਤੇ ਪੁਲਿਸ ਟੀਮ ਸਣੇ ਤਰਸਿੱਕਾ ਵਿਖੇ ਪੁੱਜੇ ਅਤੇ ਮਾਡਲ ਥਾਣੇ ਵਜੋਂ ਸ਼ਾਨਦਾਰ ਤਿਆਰ ਹੋਈ ਇਮਾਰਤ ਦਾ ਉਦਘਾਟਨ ਕੀਤਾ।
ਐਸ.ਐਸ.ਪੀ ਧਰੁਵ ਦਹੀਆ ਨੇ ਕਿਹਾ ਕਿ ਪੁਰਾਣੀ ਇਮਾਰਤ ਹੋਣ ਕਾਰਣ ਲੰਬੇ ਸਮੇਂ ਤੋਂ ਥਾਣਾ ਤਰਸਿੱਕਾ ਬਿਲਡਿੰਗ ਦੀ ਹਾਲਤ ਖਸਤਾਹਾਲ ਸੀ, ਜੋ ਕਿ ਹੁਣ ਨਵੀਂ ਤਿਆਰ ਹੋ ਮਾਡਲ ਥਾਣਿਆਂ ਵਿੱਚ ਸ਼ਮੂਲੀਅਤ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਨਤਾ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਹਾਜ਼ਰ ਹੈ, ਜਿਸ ਲਈ ਉਹ ਆਸ ਕਰਦੇ ਹਨ ਕਿ ਲੋਕ ਹਮੇਸ਼ਾ ਪੁਲਿਸ ਨੂੰ ਸੱਚੀ ਇਤਲਾਹ ਦੇਣ ਅਤੇ ਸਾਫ-ਸੁਥਰੇ ਸਮਾਜ ਦੇ ਨਾਲ-ਨਾਲ ਇਲਾਕੇ ਵਿੱਚ ਅਮਨ-ਕਾਨੂੰਨ ਬਣਾਏ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ।