ਅੰਮ੍ਰਿਤਸਰ: ਨਸ਼ਿਆਂ ਦੀ ਤਸਕਰੀ 'ਤੇ ਰੋਕਥਾਮ ਲਗਾਉਣ ਲਈ ਦੇਸ਼ ਤੇ ਪ੍ਰਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਬੈਠਕ ਹੋਈ। ਇਹ ਬੈਠਕ ਬੀ.ਐਸ.ਐਫ. ਦੇ ਹੈਡਕੁਆਰਟਰ ਵਿਖੇ ਹੋਈ।
ਇਸ ਉੱਚ ਪੱਧਰੀ ਬੈਠਕ ਵਿੱਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਸਮੇਤ ਬੀ.ਐਸ.ਐਫ. ਦੇ ਵਧੀਕ ਡਾਇਰੈਕਟਰ ਜਨਰਲ, ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ ਸਮੇਤ ਆਈ.ਬੀ., ਡੀ.ਆਰ.ਆਈ., ਐਸ.ਟੀ.ਐਫ. ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀ ਸ਼ਾਮਿਲ ਹੋਏ।
ਇਸ ਬੈਠਕ ਤੋਂ ਮੀਡਿਆ ਨੂੰ ਦੂਰ ਰੱਖਿਆ ਗਿਆ। ਬੈਠਕ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਹੱਦੀ ਖੇਤਰ 'ਚ ਨਸ਼ਿਆਂ ਦੀ ਤਸਕਰੀ ਸਬੰਧੀ ਬੈਠਕ ਕੀਤੀ ਗਈ ਹੈ। ਇਸ ਬੈਠਕ ਵਿੱਚ ਵੱਖ-ਵੱਖ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਰਹੱਦੀ ਜ਼ਿਲ੍ਹਿਆਂ ਦੇ 10 ਐਸਐਸਪੀ ਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀ ਵੀ ਸ਼ਾਮਿਲ ਹੋਏ।
ਇਹ ਵੀ ਪੜ੍ਹੋ: 9/11 ਦੀ 18ਵੀਂ ਬਰਸੀ ਮੌਕੇ ਅਫ਼ਗਾਨ ਵਿੱਚ ਅਮਰੀਕੀ ਦੂਤਘਰ ਉੱਤੇ ਹਮਲਾ
ਇਸ ਬੈਠਕ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਤਸਕਰਾਂ ਵੱਲੋਂ ਵਰਤੇ ਜਾ ਰਹੇ ਨਵੇਂ ਤਰੀਕਿਆਂ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਏਜੰਸੀਆਂ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਲਈ ਐਨ.ਸੀ.ਬੀ ਨਾਲ ਮਿਲ ਚੰਡੀਗੜ੍ਹ ਸਥਿਤ ਸੈਂਟਰਲ ਡਿਟੈਕਟਿਵ ਟਰੇਨਿੰਗ ਸਕੂਲ 'ਚ ਵਿਸ਼ੇਸ਼ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਹੈ।
ਦਿਨਕਰ ਗੁਪਤਾ ਨੇ ਦੱਸਿਆ ਕਿ ਸਰਹਦ 'ਤੇ ਚੌਕਸੀ ਤੇ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਤਸਕਰਾਂ ਵੱਲੋਂ ਤਸਕਰੀ ਲਈ ਸਰਹਦ 'ਤੇ ਕੁੱਝ ਨਵੇਂ ਰੂਟ ਤੇ ਤਰੀਕੇ ਸ਼ੁਰੂ ਕੀਤੇ ਗਏ ਹਨ ਜਿਸ ਸਬੰਧੀ ਸਮੂਹ ਏਜੰਸੀਆਂ ਵੱਲੋਂ ਜਾਣਕਾਰੀ ਸਾਂਝੀ ਕਰ ਡਾਟਾ ਤਿਆਰ ਕਰਨ ਦੇ ਲਈ ਆਪਸੀ ਤਾਲਮੇਲ ਵਧਾਉਣ ਲਈ ਗੰਭੀਰ ਵਿਚਾਰ ਚਰਚਾ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜੇਲਾਂ 'ਚੋਂ ਮੋਬਾਈਲ ਰਾਹੀਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ 'ਤੇ ਵੀ ਸੁਰਖਿਆ ਏਜੰਸੀਆਂ ਦੀ ਪੂਰੀ ਨਜਰ ਹੈ। ਇਸ ਲਈ ਪੁਲਿਸ ਵੱਲੋਂ ਤਸਕਰੀ ਨਾਲ ਜੁੜੇ ਵੱਡੇ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।