ਅਮ੍ਰਿੰਤਸਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਸਰੂਪਾਂ ਦੇ ਮਾਮਲੇ 'ਚ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਬਾਬਾ ਫੌਜਾ ਸਿੰਘ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਵਿਰਾਸਤੀ ਮਾਰਗ 'ਤੇ ਧਰਨਾ ਲਾਇਆ ਹੋਇਆ ਹੈ।ਇਸ ਧਰਨੇ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਸਰੂਪਾਂ ਦੇ ਮਾਮਲੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਲਾਏ ਜਾ ਰਹੇ ਹਨ, ਕੀ ਵੱਖਰੇ ਵੱਖਰੇ ਧਰਨੇ ਲਾ ਕੇ ਇਨਸਾਫ਼ ਮਿਲ ਜਾਵੇਗਾ?
ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਤੇ ਗੁਰਦੁਆਰਾ ਅਕਾਲ ਬੁੰਗਾ ਸੁਭਾਣਾ ਵੱਲੋਂ ਕੋਈ ਵੱਖਰਾ ਮੋਰਚਾ ਨਹੀਂ ਲਾਇਆ ਸਗੋਂ ਪਹਿਲਾਂ ਲਾਏ ਗਏ ਮੋਰਚੇ ਦੀ ਤਰਜਮਾਨੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਪਹਿਲਾਂ ਮੋਰਚਾ ਲਾਇਆ ਹੈ ਤੇ ਨਾ ਹੀ ਦੂਜਾ। ਜੇ ਕੋਈ ਹੋਰ ਮੋਰਚਾ ਲਾਉਂਦਾ ਹੈ ਤਾਂ ਉਸ ਨੂੰ ਪੁੱਛਣਾ ਚਾਹੀਦਾ ਹੈ ਕਿ ਤੂੰ ਮੋਰਚਾ ਵੱਖਰਾ ਕਿਉਂ ਲਾਇਆ ?
ਇਸ ਮਾਮਲੇ ਵਿੱਚ ਕੀ ਤੁਸੀਂ ਕਿਸੇ ਹੋਰ ਜਥੇਬੰਦੀ ਨਾਲ ਸਲਾਹ ਕੀਤੀ ਕਿ ਰਲ ਕੇ ਸੰਘਰਸ਼ ਕੀਤਾ ਜਾਵੇ ?
ਭਾਈ ਵਡਾਲਾ ਨੇ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਪੰਥ ਨੂੰ ਹੋਕਾ ਦੇ ਰਹੇ ਹਾਂ,ਜੋ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹਨ ਕਿ ਉਨ੍ਹਾਂ ਨੂੰ ਅਸੀਂ ਹੁਣ ਘਰ-ਘਰ ਜਾ ਕੇ ਦੱਸਾਂਗੇ। ਇਹ ਗੁਰੂ ਦਾ ਸਵਾਲ ਹੈ,ਇਸ ਲਈ ਕਿਸੇ ਨੂੰ ਪੁੱਛਣ, ਦੱਸਣ ਦੀ ਲੋੜ ਨਹੀਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਧਿਰ ਬਾਦਲ ਦਲ ਨੂੰ ਹਰਾਉਣ ਦੀਆਂ ਗੱਲਾਂ ਕਰਨ ਵਾਲੇ ਖੁਦ ਵੱਖੋ-ਵੱਖ ਵੰਡੇ ਹੋਏ ਹਨ ?
ਉਨ੍ਹਾਂ ਕਿਹਾ ਕਿ ਧਾਰਮਿਕ ਬੰਦਿਆਂ ਨਾਲ ਮੀਟਿੰਗ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨਾਲ ਤੁਰਿਆ ਵੀ ਜਾ ਸਕਦਾ ਹੈ ਪਰ ਰਾਜਸੀ ਲੋਕਾਂ ਨਾਲ ਇਸ ਮਸਲੇ 'ਤੇ ਕੋਈ ਸਾਂਝ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਬਦਲਾ ਲੈਣ ਦੀ ਨੀਤੀ ਨਾਲ ਨਹੀਂ ਸਗੋਂ ਬਦਲਾਅ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਹੁਣ 4-5 ਬੰਦੇ ਇਕੱਠੇ ਹੋ ਕੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਨਾ ਚਾਹੁੰਦੇ ਹਨ। ਜਦੋਂ ਇਹ ਕਾਬਜ਼ ਹੋ ਗਏ, ਇਹਨਾਂ ਪੰਜਾਂ ਨੂੰ ਪਾਸੇ ਕਰਨ ਲਈ ਹੋਰ 10 ਲੱਭਣੇ ਪੈਣਗੇ ਕਿਉਂਕਿ ਇਹ ਬਦਲਾਅ ਨਹੀਂ ਸਗੋਂ ਬਦਲੇ ਦੇ ਅਧੀਨ ਕੰਮ ਕਰ ਰਹੇ ਹਨ।
ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਕਿਹਾ ਕਿ ਇਹ ਲੋਕ ਸਾਰੀ ਉਮਰ ਬਾਦਲ ਪਰਿਵਾਰ ਵਿੱਚ ਰਹੇ ਅਤੇ ਉਨ੍ਹਾਂ ਦੀਆਂ ਚੱਪਲਾਂ ਝਾੜਦੇ ਰਹੇ। ਅੱਜ ਕਿਹੜੀ ਗੰਗਾ 'ਚੋਂ ਨਹਾ ਕੇ ਆਏ ਕਿ ਰਾਤੋ ਰਾਤ ਪੰਥਕ ਹੋ ਗਏ ? ਉਨ੍ਹਾਂ ਕਿਹਾ ਕਿ ਇਹ ਢੀਂਡਸਾ, ਬ੍ਰਹਮਪੁਰਾ ਵਰਗੇ ਹੁਣ ਸੁਮੇਧ ਸੈਣੀ, ਇਜ਼ਹਾਰ ਆਲਮ, ਸੌਦਾ ਸਾਧ ਨੂੰ ਭੰਡ ਰਹੇ ਹਨ ਤੇ ਦੂਜੇ ਪਾਸੇ ਜਦੋਂ ਕੁਰਸੀਆਂ 'ਤੇ ਸਨ, ਉਦੋਂ ਕਿਉਂ ਨਹੀਂ ਬੋਲੇ ?
ਭਾਈ ਵਡਾਲਾ ਨੇ ਕਿਹਾ ਕਿ ਜਦੋਂ ਇਹ ਲੋਕ ਸੱਤਾ 'ਤੇ ਸੀ ਤਾਂ ਬਾਦਲਾਂ ਦੇ ਨਾਲ ਸੀ, ਅੱਜ ਖ਼ਿਲਾਫ਼ ਹਨ ਤੇ ਫਿਰ ਜਦੋਂ ਕੁਰਸੀ ਲੈਣਗੇ ਤਾਂ ਬਾਦਲਾਂ ਦੇ ਨਾਲ ਹੋਣਗੇ। ਅਜਿਹੇ ਬੰਦੇ ਜਾਂ ਤਾਂ ਸੇਵਾਮੁਕਤੀ ਤੋਂ ਬਾਅਦ ਬੋਲਦੇ ਹਨ ਤੇ ਜਾਂ ਫਿਰ ਕੁਰਸੀ ਤੋਂ ਲੈਣ ਤੋਂ ਬਾਅਦ। ਪਰ ਮੈਂ ਬੋਲ ਕੇ ਕੁਰਸੀ ਤੋਂ ਲੱਥਿਆ ਹਾਂ।