ਅੰਮ੍ਰਿਤਸਰ: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਭੱਖਦਾ ਜਾ ਰਿਹਾ ਹੈ। ਸਿੱਖ ਧਾਰਮਿਕ ਸੰਗਠਨ ਨੇ ਆਰੋਪ ਲਗਾਇਆ ਹੈ ਕਿ ਸਿੱਧੂ ਮੂਸੇਵਾਲ ਨੇ ਆਪਣੇ ਇਸ ਨਵੇਂ ਗੀਤ ਵਿੱਚ ਸਿੱਖ ਧਰਮ 'ਚ ਕਾਫ਼ੀ ਅਹਿਮੀਅਤ ਰੱਖਣ ਵਾਲੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਸ਼ਾਮਲ "ਮਾਈ ਭਾਗੋ" ਨੂੰ ਲੈ ਕੇ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਪੰਜਾਬ ਦੇ ਧਾਰਮਿਕ ਸੰਗਠਨਾਂ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ 295ਏ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦੇ ਆਰੋਪ ਵਿੱਚ ਐਫਆਈਆਰ ਦਰਜ਼ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਸਿੱਖ ਸੰਗਠਨਾਂ ਵੱਲੋਂ ਅਮ੍ਰਿਤਸਰ ਡੀਸੀ ਸ਼ਿਵ ਦੁਲਾਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਹੈ। ਪਤਰਕਾਰਾਂ ਨੇ ਜਦੋਂ ਡੀਸੀ ਸਾਹਿਬ ਨੂੰ ਇਸ ਸਵਾਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਸਾਨੂੰ ਵੀ ਪਤਾ ਲੱਗਾ ਹੈ ਕਿ ਕਿਸੇ ਗਾਇਕ ਵੱਲੋਂ ਕਿਸੇ ਗਾਣੇ ਵਿੱਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ, ਇਹ ਗ਼ਲਤ ਗੱਲ ਹੈ। ਕੋਈ ਵਿਅਕਤੀ ਕਿਸੇ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਜਿਸ ਨਾਲ ਸਮਾਜ ਦੇ ਕਿਸੇ ਵੱਡੇ ਵਰਗ ਨੂੰ ਠੇਸ ਪਹੁੰਚਦੀ ਹੈ ਇਹ ਬਹੁਤ ਗ਼ਲਤ ਗੱਲ ਹੈ। ਬਾਕੀ ਸਾਡੇ ਕੋਲ ਜੇ ਮੰਗ ਪੱਤਰ ਆਉਂਦਾ ਹੈ ਤਾਂ ਇਸ 'ਤੇ ਕਾਰਵਾਈ ਕੀਤੀ ਜਾਵੇਗੀ।
ਹਾਲ ਹੀ 'ਚ ਫ਼ਿਲਮ 'ਅੜਬ ਮੁਟਿਆਰਾਂ' ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ 'ਜੱਟੀ ਜਿਊਣੇ ਮੌੜ ਵਰਗੀ' ਰਿਲੀਜ਼ ਹੋਇਆ ਹੈ ਜਿਸ ਨੇ ਸਿੱਧੂ ਮੂਸੇਵਾਲਾ ਲਈ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਮਾਈ ਭਾਗੋ ਦਾ ਜ਼ਿਕਰ ਕੀਤਾ ਹੈ। ਇਸ ਗੀਤ ਦੇ ਵਿੱਚ ਮਾਈ ਭਾਗੋ ਦੇ ਜ਼ਿਕਰ ਕਾਰਨ ਲੋਕ ਸਿੱਧੂ ਮੂਸੇਵਾਲਾ ਦਾ ਵਿਰੋਧ ਕਰ ਰਹੇ ਹਨ। ਇਸ ਵਿਰੋਧ 'ਤੇ ਸਿੱਧੂ ਮੂਸੇਵਾਲੇ ਨੇ ਲਾਈਵ ਹੋ ਕੇ ਆਪਣੇ ਵੱਲੋਂ ਗਾਈ ਇਸ ਲਾਈਨ 'ਤੇ ਸਫ਼ਾਈ ਵੀ ਦਿੱਤੀ ਹੈ ਅਤੇ ਮੁਆਫ਼ੀ ਮੰਗੀ ਹੈ।