ਅੰਮ੍ਰਿਤਸਰ: ਸ਼ੁਕਰਵਾਰ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਘਰ ਬਾਹਰ ਮਾਹੌਲ ਪੂਰੀ (Shiv sena leader murder in amritsar) ਤਰ੍ਹਾਂ ਗਮਗੀਣ ਹੈ। ਉਨ੍ਹਾਂ ਦੇ ਸਮਰਥਕ ਜਿੱਥੇ ਡੂੰਘੇ ਦੁੱਖ 'ਚ ਡੁੱਬੇ ਹੋਏ ਹਨ, ਉੱਥੇ ਹੀ ਸਮਰਥਕਾਂ 'ਚ ਗੁੱਸੇ ਦੀ ਲਹਿਰ ਵੀ ਦੌੜ ਗਈ ਹੈ। ਉੱਥੇ ਹੀ, ਸ਼ਨੀਵਾਰ ਨੂੰ ਪਰਿਵਾਰ ਅਤੇ ਪ੍ਰਸ਼ਾਸਨ ਵਿਚਾਲੇ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਕਰਨ ਦੀ ਸਹਿਮਤੀ ਜਤਾਈ ਗਈ ਸੀ।
ਐਤਵਾਰ ਨੂੰ ਮੁੜ ਸਸਕਾਰ ਕਰਨ ਤੋ ਕੀਤਾ ਸੀ ਇਨਕਾਰ: ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਣਾ ਸੀ, ਪਰ ਇਕ ਵਾਰ ਫਿਰ ਪਰਿਵਾਰ ਨੇ ਅੰਤਿਮ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ। ਉਨ੍ਹਾਂ ਨੇ ਨਜ਼ਰਬੰਦ ਕੀਤੇ ਸ਼ਿਵ ਸੈਨਾ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਿਹਾਈ ਨਹੀਂ ਹੁੰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਅੰਮ੍ਰਿਤਸਰ 'ਚ ਹਿੰਦੂ ਨੇਤਾ ਸੁਧੀਰ ਸੂਰੀ ਦੀ ਮ੍ਰਿਤਕ ਦੇਹ (Sudhir Suri murder in punjab) ਦਾ ਪੋਸਟਮਾਰਟਮ ਕਰਨ ਤੋਂ ਬਾਅਦ ਸ਼ਾਮ 5.45 ਵਜੇ ਦੇ ਕਰੀਬ ਡੀਸੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਪਰਿਵਾਰ ਅਤੇ ਹਿੰਦੂ ਸੰਗਠਨਾਂ ਨਾਲ ਪਹੁੰਚ ਗਏ। ਕਰੀਬ ਅੱਧਾ ਘੰਟਾ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਪਰਿਵਾਰ ਅਤੇ ਹਿੰਦੂ ਸੰਗਠਨਾਂ ਨੇ ਐਤਵਾਰ ਨੂੰ ਸਵੇਰੇ 12 ਵਜੇ ਦੁਰਗਿਆਣਾ ਮੰਦਰ 'ਚ ਸੁਧੀਰ ਸੂਰੀ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ।
ਪਰਿਵਾਰ ਦੀਆਂ ਇਨ੍ਹਾਂ ਮੰਗਾਂ 'ਤੇ ਬਣੀ ਪ੍ਰਸ਼ਾਸਨ ਨਾਲ ਸਹਿਮਤੀ : ਉੱਥੇ ਹੀ ਦੂਜੇ ਪਾਸੇ ਡੀਸੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਪਰਿਵਾਰ ਅਤੇ ਹਿੰਦੂ ਸੰਗਠਨਾਂ ਦੇ ਅਧਿਕਾਰੀਆਂ ਨਾਲ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ। ਜਿਸ ਤੋਂ ਬਾਅਦ ਡੀਸੀ ਹਰਪ੍ਰੀਤ ਸੂਦਰ ਅਤੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਤਿੰਨੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਮੰਗ ਕੀਤੀ ਗਈ ਹੈ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਪਰਿਵਾਰ ਦੀ ਸੁਰੱਖਿਆ ਪੁਲਿਸ ਵੱਲੋਂ ਯਕੀਨੀ ਬਣਾਈ ਜਾਵੇ, FIR ਵਿੱਚ ਅੰਮ੍ਰਿਤਪਾਲ ਦਾ ਨਾਂਅ ਜੋੜਿਆ ਜਾਵੇ ਅਤੇ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
ਪੋਸਟ ਮਾਰਟਮ 'ਚ ਸੂਰੀ ਪੇਟ 'ਚੋਂ ਨਿਕਲੀਆਂ 3 ਗੋਲੀਆਂ: ਹਿੰਦੂ ਨੇਤਾ ਸੁਧੀਰ ਸੂਰੀ ਦੀ ਲਾਸ਼ ਦਾ ਪੋਸਟਮਾਰਟਮ (Sudhir suri news) ਕਰਵਾਇਆ ਗਿਆ। ਸੂਰੀ ਨੂੰ ਕੁੱਲ 4 ਗੋਲੀਆਂ ਲੱਗੀਆਂ। ਜਿਸ ਵਿਚ 3 ਗੋਲੀਆਂ ਉਸ ਦੇ ਸਰੀਰ ਵਿਚ ਲੱਗੀਆਂ ਸਨ। ਚੌਥਾ ਮੋਢੇ ਤੋਂ ਪਾਰ ਹੋ ਗਿਆ। ਅੰਦਰੂਨੀ ਅੰਗ ਡੈਮੇਜ਼ ਹੋਣ ਕਾਰਨ ਸੁਧੀਰ ਸੂਰੀ ਦੀ ਮੌਤ ਹੋ ਗਈ। ਸੂਰੀ ਨੂੰ 4 ਗੋਲੀਆਂ ਲੱਗੀਆਂ, ਜਿਸ ਚੋ 2 ਛਾਤੀ ਕੋਲ, 1 ਮੋਢੇ ਅਤੇ 1 ਢਿੱਡ ਵਿੱਚ ਲੱਗੀ ਸੀ।
NIA ਕਰੇਗੀ ਮਾਮਲੇ ਦੀ ਜਾਂਚ: ਇਸ ਕਤਲਕਾਂਡ ਦੀ ਜਾਂਚ ਐਨਆਈਏ ਟੀਮ ਵੱਲੋਂ ਕੀਤੇ ਜਾਣ ਦੀ ਖਬਰ ਵੀ ਸਾਹਮਣੇ ਆਈ। ਉੱਥੇ ਹੀ, ਦੂਜੇ ਪਾਸੇ, ਸ਼ਨੀਵਾਰ ਨੂੰ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਫਾਰੈਂਸਿਕ ਟੀਮ ਮਜੀਠਾ ਰੋਡ ਗੋਪਾਲ ਮੰਦਰ ਦੇ ਬਾਹਰ ਪੁੱਜੀ ਹੈ। ਫੋਰੈਂਸਿਕ ਟੀਮ ਵੱਲੋਂ ਉਸ ਜਗ੍ਹਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿੱਥੇ ਗੋਲੀਆਂ ਚਲਾਈਆਂ ਗਈਆਂ ਸਨ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਮੁਲਜ਼ਮ ਸੰਦੀਪ ਸੰਨੀ 7 ਦਿਨਾਂ ਪੁਲਿਸ ਰਿਮਾਂਡ 'ਤੇ: ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਸੰਦੀਪ ਸੰਨੀ ਨੂੰ ਪੁਲਿਸ ਵੱਲੋਂ ਸ਼ੁਕਰਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਸੰਨੀ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਸੰਦੀਪ ਸੰਨੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਪੁਲਿਸ ਵੱਲੋਂ ਸੰਦੀਪ ਸੰਨੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਕਾਰਨਾਂ ਅਤੇ ਮੁੱਖ ਸਾਜਿਸ਼ਕਰਤਾ ਦਾ ਖੁਲਾਸਾ ਹੋ ਸਕੇ।
ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ ਸੂਰੀ: ਜਦੋਂ ਸੂਰੀ ਨੂੰ ਗੋਲੀ ਮਾਰੀ ਗਈ ਤਾਂ ਉਨ੍ਹਾਂ ਦੇ ਨਾਲ ਕਈ ਸਮਰਥਕ ਵੀ ਮੌਜੂਦ ਸਨ। ਗੋਲੀਬਾਰੀ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਰੀ ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ। ਕੁਝ ਸਮਾਂ ਪਹਿਲਾਂ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਵੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਹੀ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ। ਹਮਲਾਵਰ ਜਿਸ ਕਾਰ ਵਿਚ ਆਇਆ ਸੀ ਉਸ ਵਿਚ ਖਾਲਿਸਤਾਨੀਆਂ ਦਾ ਸਟਿੱਕਰ ਲੱਗਾ ਹੋਇਆ ਸੀ।
'32 ਬੋਰ ਦੇ ਲਾਇਸੈਂਸੀ ਪਿਸਤੌਲ ਤੋਂ ਹੋਈ ਫਾਇਰਿੰਗ': ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਅੱਤਵਾਦੀ ਘਟਨਾ ਸੀ ਜਾਂ ਕੁਝ ਹੋਰ, ਇਸ ਬਾਰੇ ਕੁਝ ਕਹਿਣਾ ਠੀਕ ਨਹੀਂ ਹੈ। ਕੀ ਇਸ ਕਤਲ ਪਿੱਛੇ ਕਿਸੇ ਸੰਗਠਨ ਦਾ ਹੱਥ ਹੈ ਜਾਂ ਇਹ ਕੋਈ ਸਾਜ਼ਿਸ਼ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਸੰਨੀ ਨੇ 32 ਬੋਰ ਦੀ ਲਾਇਸੈਂਸੀ ਪਿਸਤੌਲ ਨਾਲ 5 ਗੋਲੀਆਂ ਚਲਾਈਆਂ। ਸੂਰੀ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਅਜੇ ਕਹਿਣਾ ਮੁਸ਼ਕਿਲਾ ਹੈ, ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।
ਸ਼ੂਟਰ ਦੀ ਕਾਰ 'ਚੋਂ ਕਈ ਮਿਲੀਆਂ ਤਸਵੀਰਾਂ: ਸੂਰੀ ਨੂੰ ਗੋਲੀ ਮਾਰਨ ਵਾਲੇ ਸੰਦੀਪ ਦੀ ਕਾਰ ਵਿੱਚੋਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਤਸਵੀਰ ਵੀ ਮਿਲੀ ਹੈ। ਇਸ ਤੋਂ ਇਲਾਵਾ ਕਾਮੇਡੀਅਨ ਭਾਰਤੀ ਸਿੰਘ, ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਫੋਟੋ ਵੀ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਜੇਲ੍ਹ ਵਿੱਚ ਬੰਦ ਸਿੱਖਾਂ ਨਾਲ ਸਬੰਧਤ ਫੋਟੋਆਂ ਵੀ ਇਸ ਵਿੱਚ ਸ਼ਾਮਿਲ ਹਨ।
2016 ਵਿੱਚ ਖਾਲਿਸਤਾਨੀਆਂ ਨੂੰ ਦਿੱਤੀਆਂ ਸਨ ਧਮਕੀਆਂ: ਸੁਧੀਰ ਸੂਰੀ ਨੇ 2016 ਵਿੱਚ ਅੰਮ੍ਰਿਤਸਰ ਵਿੱਚ ਆਪਣੇ ਇੱਕ ਭਾਸ਼ਣ ਵਿੱਚ ਖਾਲਿਸਤਾਨੀਆਂ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਸੀ। ਉਨ੍ਹਾਂ ਨੇ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਕਿਸੇ ਹਿੰਦੂ ਨੂੰ ਮਾਰਦਾ ਹੈ ਤਾਂ ਉਹ ਉਨ੍ਹਾਂ ਵਿੱਚੋਂ 10 ਨੂੰ ਮਾਰ ਗਿਰਾਉਣਗੇ। ਉਦੋਂ ਤੋਂ ਉਹ ਲਗਾਤਾਰ ਵਿਵਾਦਾਂ 'ਚ ਘਿਰੇ ਰਹੇ। ਜੇਕਰ ਸਿੱਖ ਬੰਦ ਦਾ ਸੱਦਾ ਦਿੰਦੇ ਤਾਂ ਉਹ ਇਸ ਦਾ ਵਿਰੋਧ ਕਰਨ ਲੱਗ ਪੈਂਦੇ।
ਸਿੱਖ ਬੀਬੀਆਂ ਬਾਰੇ ਬੋਲੇ ਸੀ ਇਤਰਾਜ਼ਯੋਗ ਸ਼ਬਦ: ਸੁਧੀਰ ਸੂਰੀ ਦਾ ਸਭ ਤੋਂ ਵਿਵਾਦਿਤ ਬਿਆਨ 2019 ਵਿੱਚ ਸਾਹਮਣੇ ਆਇਆ ਸੀ। ਉਸ ਨੇ ਸਿੱਖ ਔਰਤਾਂ ਬਾਰੇ ਅਪਮਾਨਜਨਕ ਅਤੇ ਸ਼ਰਮਨਾਕ ਸ਼ਬਦ ਬੋਲੇ ਸਨ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਖਾਲਿਸਤਾਨੀ ਸਮਰਥਕਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਅਦਾਲਤ ਵਿੱਚ ਚੱਲ ਰਹੇ ਸਨ 6 ਕੇਸ: ਸੂਰੀ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 6 ਕੇਸ ਦਰਜ ਹਨ। ਜਿਸ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਸੁਧੀਰ ਸੂਰੀ ਨੂੰ ਪੁਲਿਸ ਨੇ ਕਈ ਵਾਰ ਗ੍ਰਿਫ਼ਤਾਰ ਵੀ ਕੀਤਾ ਸੀ। 2020 ਵਿੱਚ ਸੁਧੀਰ ਸੂਰੀ ਨੂੰ ਪੁਲਿਸ ਨੇ ਇੰਦੌਰ ਤੋਂ ਫੜਿਆ ਸੀ। ਸੂਰੀ ਵਿਰੁੱਧ ਇਹ ਸਾਰੇ ਕੇਸ ਅਦਾਲਤ ਵਿੱਚ ਚੱਲ ਰਹੇ ਸਨ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਦਾ ਵੱਡਾ ਬਿਆਨ, ਗੁਲਾਮੀ ਦੀ ਨਿਸ਼ਾਨੀ ਨਜ਼ਰਬੰਦ ਕਰਨਾ, ਸੁਣੋ SSP ਨੇ ਕੀ ਕਿਹਾ...