ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਕਸਬਾ ਰਈਆ ਨਿਵਾਸੀ ਜਨਰਲ ਸਕੱਤਰ ਅਤੇ ਯੂਥ ਆਗੂ ਸ਼੍ਰੋਮਣੀ ਅਕਾਲੀ ਦਲ ਗਗਨਦੀਪ ਸਿੰਘ ਜੱਜ (ਪਾਰੋਵਾਲ) ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕੇ ਵਿੱਚ ਰੋਸ ਧਰਨਿਆਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਇਸ ਦੁਖਦਾਈ ਖਬਰ ਨਾਲ ਜਿੱਥੇ ਵੱਖ ਵੱਖ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਪਾਰੋਵਾਲ ਪਰਿਵਾਰ ਨਾਲ ਡਾਹਢੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਇਲਾਕੇ ਦੇ ਬਹੁਤ ਗਿਣਤੀ ਲੋਕਾਂ ਤੋਂ ਇਲਾਵਾ ਕਾਰੋਬਾਰ ਜਗਤ ਨੂੰ ਜੱਜ ਦੀ ਮੌਤ ਨਾਲ ਗਹਿਰਾ ਸਦਮਾ ਪੁੱਜਾ ਹੈ। ਜਾਣਕਾਰੀ ਅਨੁਸਾਰ ਅੱਜ ਸੂਬੇ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੀ ਸੱਤਾਧਾਰੀ ਕੈਪਟਨ ਸਰਕਾਰ ਖਿਲਾਫ ਪੰਜਾਬ ਮੰਗਦਾ ਜੁਆਬ ਤਹਿਤ ਰੋਸ ਧਰਨੇ ਦਿੱਤੇ ਜਾ ਰਹੇ ਹਨ ਪਰ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਗਗਨਦੀਪ ਸਿੰਘ ਜੱਜ ਦੇ ਦੇਹਾਂਤ ਤੇ ਪਾਰਟੀ ਵਲੋਂ ਅਹਿਮ ਫੈਸਲਾ ਲੈਂਦਿਆਂ ਹਲਕੇ ਵਿੱਚ ਰੋਸ ਧਰਨਿਆਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।ਇਸ ਦੁੱਖ ਦੀ ਘੜੀ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ, ਸੰਦੀਪ ਸਿੰਘ ਏ ਆਰ, ਹਰਜੀਤ ਸਿੰਘ ਮੀਆਂਵਿੰਡ, ਕੁਲਵੰਤ ਸਿੰਘ ਰੰਧਾਵਾ, ਬੂਟਾ ਸਿੰਘ ਸਠਿਆਲਾ ਆਦਿ ਨੇ ਪਾਰਟੀ ਦੇ ਤੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਪਾਰੋਵਾਲ ਪਰਿਵਾਰ ਨਾਲ ਡਾਹਢੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਿਕਰਯੋਗ ਹੈ ਕਿ ਗਗਨਦੀਪ ਸਿੰਘ ਜੱਜ ਲੰਬੇ ਸਮੇਂ ਤੋਂ ਹਰ ਚੋਣਾਂ ਵਿੱਚ ਪਾਰਟੀ ਪ੍ਰਤੀ ਤਨਦੇਹੀ ਨਾਲ ਜਿੰਮੇਵਾਰੀ ਸੰਭਾਲਦਿਆਂ ਸ਼੍ਰੋਮਣੀ ਅਕਾਲੀ ਦੀ ਰੀੜ ਵਜੋਂ ਕੰਮ ਕਰਦੇ ਰਹੇ ਸਨ। ਇਸ ਦੇ ਨਾਲ ਹੀ ਜੱਜ ਜਿੱਥੇ ਰਾਜਨੀਤੀ ਨਾਲ ਜੁੜੇ ਹੋਏ ਸਨ, ਉੱਥੇ ਹੀ ਰਈਆ ਮੰਡੀ ਵਿੱਚ ਵੀ ਲੰਬੇ ਸਮੇਂ ਤੋਂ ਉਹ ਆੜਤ ਦੇ ਨਾਲ ਨਾਲ ਉੱਘੇ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਸਨ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਗਗਨਦੀਪ ਸਿੰਘ ਜੱਜ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ, ਉਪਰੰਤ ਅਗਲੀਆਂ ਰਸਮਾਂ ਦੀ ਜਾਣਕਾਰੀ ਪਰਿਵਾਰ ਵਲੋਂ ਲੋਕਾਂ ਨਾਲ ਸਾਂਝੀ ਕੀਤੀ ਜਾਵੇਗੀ।