ਅੰਮ੍ਰਿਤਸਰ: ਪਿਛਲੇ ਦਿਨੀਂ ਟਿਕਟੌਕ 'ਤੇ ਇੱਕ ਵੀਡੀਓ ਬਣਾਈ ਗਈ ਹੈ, ਜਿਸ ਵਿੱਚ ਤਿੰਨ ਲੜਕੀਆਂ ਅਸ਼ਲੀਲ ਗੀਤ 'ਤੇ ਵੀਡੀਓ ਬਣਾਉਂਦੀਆਂ ਨਜ਼ਰ ਆ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਇਸ ਨੂੰ ਮੰਦਭਾਗੀ ਕਾਰਵਾਈ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਜਾਣਬੁੱਝ ਕੇ ਅਸ਼ਲੀਲ ਗੀਤਾਂ ਦੀ ਟਿਕਟੌਕ ਵੀਡੀਓ ਬਣਾਉਣੀ ਪਵਿੱਤਰ ਅਸਥਾਨ ਦੀ ਮਰਯਾਦਾ ਦੇ ਵਿਰੁੱਧ ਹੈ। ਜਦੋਂ ਕੋਈ ਅਜਿਹਾ ਕਰਦਾ ਹੈ, ਤਾਂ ਸੰਗਤ ਦੀ ਸ਼ਰਧਾ-ਭਾਵਨਾ ਨੂੰ ਸੱਟ ਵੱਜਦੀ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧ ਵਿੱਚ ਸਾਈਬਰ ਕਰਾਈਮ ਵਿਭਾਗ ਨੂੰ ਲਿਖਿਆ ਗਿਆ ਹੈ।
ਆਹਲੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵੀਡੀਓ ਬਣਾਉਣ ਤੋਂ ਰੋਕਣ ਲਈ ਥਾਂ-ਥਾਂ 'ਤੇ ਬੋਰਡ ਲਾਏ ਗਏ ਹਨ, ਪਰ ਕੁਝ ਲੋਕ ਫਿਰ ਵੀ ਨਹੀਂ ਹਟਦੇ। ਉਨ੍ਹਾਂ ਕਿਹਾ ਕਿ ਲੜਕੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੇ।