ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਕਰਕੇ ਪੂਰੀ ਦੁਨੀਆਂ ਵਿੱਚ ਆਰਥਿਕਤਾ ਕਾਫ਼ੀ ਡਾਵਾਂ-ਡੋਲ ਹੋ ਰਹੀ ਹੈ। ਇਸ ਵਾਇਰਸ ਦਾ ਅਸਰ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚਲੇ 80 ਤੋਂ ਵੱਧ ਗੁਰੂ ਘਰਾਂ, ਸਿਹਤ ਤੇ ਸਿੱਖਿਆ ਸੰਸਥਾਵਾਂ ਦੀ ਸਾਂਭ ਸੰਭਾਲ ਕਰ ਰਹੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਬਜਟ 'ਤੇ ਵੀ ਪਿਆ ਹੈ, ਕਿਉਂਕਿ ਪਿਛਲੇ 20 ਦਿਨਾਂ ਤੋਂ ਸ਼ਰਧਾਲੂਆਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈl
ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਲੱਗੀ ਹੋਈ ਹੈ ਜਿਸ ਕਾਰਨ ਸਾਰੀ ਆਵਾਜਾਈ ਠੱਪ ਹੋ ਗਈ ਹੈ। ਪਹਿਲਾਂ ਆਮ ਦਿਨਾਂ ਵਿੱਚ ਲੱਖਾਂ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰਿਆਂ ਲਈ ਪੁੱਜਦੇ ਸਨ ਜਿਸ ਕਾਰਨ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਅੰਦਾਜ਼ਨ 30 ਤੋਂ 35 ਲੱਖ ਰੁਪਏ ਭੇਂਟਾ ਚੜ੍ਹਦੀ ਸੀ ਤੇ ਦਿਨ ਵਿੱਚ 3 ਤੋਂ 5 ਵਾਰ ਦਰਬਾਰ ਸਾਹਿਬ ਦੀ ਗੋਲਕ ਨੂੰ ਬਦਲਣਾ ਪੈਂਦਾ ਸੀ।
ਇਸ ਦੇ ਨਾਲ ਹੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਰੋਜ਼ਾਨਾ ਤਕਰੀਬਨ 3 ਤੋਂ 4 ਲੱਖ ਰੁਪਏ ਕੜਾਹ ਪ੍ਰਸ਼ਾਦ ਦੇ ਰੂਪ ਵਿੱਚ ਪੈਸੇ ਜਮ੍ਹਾਂ ਹੋ ਜਾਂਦੇ ਸਨ। ਹੁਣ ਸੰਗਤਾਂ ਦੀ ਗਿਣਤੀ ਘੱਟ ਜਾਣ ਕਾਰਨ ਹਫ਼ਤੇ ਤੋਂ ਗੋਲਕ ਨਹੀਂ ਬਦਲੀ ਗਈ ਅਤੇ ਕੜਾਹ ਪ੍ਰਸ਼ਾਦ ਦੇ ਪੈਸੇ ਵੀ ਨਾ ਮਾਤਰ ਰਹਿ ਗਏ ਹਨ। ਇਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰਥਿਕਤਾ ਵੀ ਪ੍ਰਭਾਵਿਤ ਹੋ ਗਈ ਹੈ।
ਭਾਵੇਂ ਕਿ, ਸ਼੍ਰੋਮਣੀ ਕਮੇਟੀ ਨੂੰ ਗੋਲਕ ਘੱਟਣ ਕਰਕੇ ਕਾਫ਼ੀ ਧੱਕਾ ਲੱਗਾ ਹੈ, ਪਰ ਫਿਰ ਵੀ ਕਮੇਟੀ ਵੱਲੋਂ ਪ੍ਰਸ਼ਾਦੇ ਦਾਲ ਬਣਾ ਕੇ ਲੋੜਵੰਦਾਂ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਵਿੱਚ ਕੋਈ ਕਮੀ ਨਹੀਂ ਆਵੇਗੀ।
ਇਹ ਵੀ ਪੜ੍ਹੋ: ਕੋਵਿਡ -19: ਪੰਜਾਬ ਦੇ 4 ਜ਼ਿਲ੍ਹੇ ਰੈਡ ਜ਼ੋਨ ਐਲਾਨੇ