ਅੰਮ੍ਰਿਤਸਰ: ਸੰਪਰਦਾ ਬਾਬਾ ਬਿਧੀ ਚੰਦ ਦੇ ਗਿਆਰ੍ਹਵੇਂ ਜਾਨਸ਼ੀਨ ਬਾਬਾ ਦਯਾ ਸਿੰਘ ਦੀ ਪਤਨੀ ਦਯਾ ਕੌਰ ਨੇ ਆਪਣੇ ਪੁੱਤਰ ਬਾਬਾ ਅਵਤਾਰ ਸਿੰਘ ਅਤੇ ਬਾਬਾ ਗੁਰਬਚਨ ਸਿੰਘ ਦੇ ਵਿਚਕਾਰ ਚੱਲ ਰਹੇ ਜ਼ਮੀਨੀ ਝਗੜੇ ਨੂੰ ਖ਼ਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ।
ਇਸ ਮੌਕੇ ਬਾਬਾ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਪਰਦਾ ਦੇ 60 ਅਸਥਾਨ ਅਤੇ 600 ਕਿੱਲੇ ਵਾਹੀਯੋਗ ਜ਼ਮੀਨ ਹੈ, ਜਿਸ ਵਿੱਚੋਂ ਸਿਰਫ਼ 150 ਕਿੱਲੇ ਹੀ ਜ਼ਮੀਨ ਵਾਹ ਰਹੇ ਹਨ, ਬਾਕੀ ਦੇ ਸਾਰੇ ਸਥਾਨ ਅਤੇ ਜ਼ਮੀਨ ਉੱਪਰ ਬਾਬਾ ਅਵਤਾਰ ਸਿੰਘ ਦਾ ਕਬਜ਼ਾ ਹੈ। ਹੁਣ ਜਦੋਂ ਉਨ੍ਹਾਂ ਵੱਲੋਂ ਪਿਤਾ ਬਾਬਾ ਦਯਾ ਸਿੰਘ ਵੱਲੋਂ ਕੀਤੀ ਵੰਡ ਅਨੁਸਾਰ ਆਪਣਾ ਬਰਾਬਰ ਦਾ ਹਿੱਸਾ ਬਾਬਾ ਅਵਤਾਰ ਸਿੰਘ ਤੋਂ ਮੰਗਿਆ ਤਾਂ ਬਾਬਾ ਅਵਤਾਰ ਸਿੰਘ ਦੇ ਪੁੱਤਰ ਪ੍ਰੇਮ ਸਿੰਘ ਵੱਲੋਂ ਕੁਝ ਸਿੰਘਾਂ ਨੂੰ ਲੈ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ।
ਇਹ ਵੀ ਪੜੋ: ਝੋਨੇ ਦੀ ਸਰਕਾਰੀ ਲਵਾਈ ਅੱਜ ਤੋਂ ਸ਼ੁਰੂ, 8 ਘੰਟੇ ਨਿਰਵਿਘਨ ਮਿਲੇਗੀ ਬਿਜਲੀ ਦਾ ਭਰੋਸਾ
ਇਸ ਮੌਕੇ ਬਾਬਾ ਗੁਰਬਚਨ ਸਿੰਘ ਦੀ ਭੈਣ ਨਵਿੰਦਰ ਕੌਰ ਨੇ ਕਿਹਾ ਕਿ ਬਾਬਾ ਗੁਰਬਚਨ ਸਿੰਘ ਨੂੰ ਵਸੀਅਤ ਮੁਤਾਬਕ ਉਸ ਦਾ ਬਣਦਾ ਹੱਕ ਮਿਲੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਮਸਲਾ ਛੇਤੀ ਹੀ ਹੱਲ ਕੀਤਾ ਜਾਵੇਗਾ। ਪਰਿਵਾਰਕ ਜ਼ਮੀਨੀ ਝਗੜੇ ਦਾ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਕਰਕੇ ਸਿੱਖ ਹਲਕਿਆਂ ਵਿੱਚ ਕਾਫੀ ਹਲਚਲ ਰਹੀ।