ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਾਰਨ ਲਗਾਏ ਕਰਫ਼ਿਊ ਦੌਰਾਨ ਆਮ ਲੋਕਾਂ ਦੇ ਕੰਮਕਾਰ ਠੱਪ ਹੋ ਗਏ ਹਨ, ਤੇ ਸਰਕਾਰ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਲੋੜਵੰਦਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਪ੍ਰਕੋਪ ਕਾਰਨ ਮਜ਼ਦੂਰ ਅਤੇ ਛੋਟੇ ਦੁਕਾਨਦਾਰ ਭੁੱਖੇ ਮਰ ਰਹੇ ਹਨ। ਉਨ੍ਹਾਂ ਇਹ ਕਿਹਾ ਕਿ ਮਜ਼ਦੂਰ ਲੋਕ ਕੋਰੋਨਾ ਨਾਲ ਘੱਟ ਤੇ ਭੁੱਖ ਨਾਲ ਜ਼ਿਆਦਾ ਮਰ ਰਹੇ ਹਨ।
ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਘਰ-ਘਰ ਰਾਸ਼ਨ ਪਹੁੰਚਾਉਣ ਦੇ ਨਾਂਅ 'ਤੇ ਡਰਾਮੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ਼ ਕਾਂਗਰਸੀਆਂ ਨੂੰ ਰਾਸ਼ਨ ਵੰਡਿਆ ਹੈ ਅਤੇ ਸਿਆਸਤ ਚਮਕਾਈ ਹੈ। ੳਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਵੀ ਨੀਲੇ ਕਾਰਡ, ਆਧਾਰ ਕਾਰਡ ਦੇਖ ਕੇ ਰਾਸ਼ਨ ਨਹੀਂ ਦੇਣਾ ਚਾਹੀਦਾ, ਸਗੋਂ ਲੋਕਾਂ ਦੀ ਲੋੜ ਮੁਤਾਬਕ ਰਾਸ਼ਨ ਵੰਡਣਾ ਚਾਹੀਦਾ ਹੈ।
ਪੰਜਾਬ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਦੇ ਚਲੇ ਜਾਣ 'ਤੇ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਨਹੀਂ ਭੇਜਣਾ ਚਾਹੀਦਾ, ਕਿਉਂਕਿ ਇਸ ਦਾ ਪ੍ਰਭਾਵ ਕਿਸਾਨਾਂ ਉੱਤੇ ਅਤੇ ਪੰਜਾਬ ਦੀ ਸਨਅਤ ਉੱਪਰ ਪਵੇਗਾ, ਜਿਸ ਦਾ ਖ਼ਮਿਆਜ਼ਾ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪੈ ਸਕਦਾ ਹੈ।