ਅੰਮ੍ਰਿਤਸਰ: "ਪੰਜਾਬ ਬਚਾਓ" ਕਾਫ਼ਲੇ ਵਿੱਚ ਮਾਨਸਾ ਤੋਂ ਪੁੱਜੀ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਸਟੇਟ ਕਨਵੀਨਰ ਕਿਰਨਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਸੰਕਟ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਖ਼ੁਦਕੁਸ਼ੀਆਂ ਹੋ ਰਹੀਆਂ ਹਨ ਅਤੇ ਨਸ਼ਿਆਂ ਦਾ ਰੁਝਾਨ ਵੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਲਾਅ ਦੀ ਲੋੜ ਹੈ, ਪੰਜਾਬੀ ਵੀ ਤਬਦੀਲੀ ਚਾਹੁੰਦੇ ਹਨ, ਕਿਉਂਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਖ਼ੋਰਾ ਲਾ ਦਿੱਤਾ ਹੈ। ਇਸ ਲਈ ਇਹ "ਪੰਜਾਬ ਬਚਾਓ ਕਾਫ਼ਲਾ" 90 ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ ਅਤੇ ਮੌਜੂਦਾ ਹਾਲਾਤਾਂ ਵਿੱਚੋਂ ਕੱਢਣ ਲਈ ਵਿਚਾਰ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕਾਫ਼ਲੇ ਦਾ ਪੰਜਾਬੀਆਂ ਉੱਤੇ ਜ਼ਰੂਰ ਅਸਰ ਪਵੇਗਾ ਕਿਉਂਕਿ ਜਦੋਂ ਸੱਚੇ-ਸੁੱਚੇ ਕਿਰਦਾਰ ਦੇ ਲੋਕ ਪਿੰਡਾਂ ਵਿੱਚ ਜਾ ਕੇ ਸੱਚਾਈ ਨਾਲ ਹੱਕਾਂ ਦੀ ਗੱਲ ਕਰਨਗੇ ਤਾਂ ਉਸ ਦਾ ਅਸਰ ਪੈਣਾ ਲਾਜ਼ਮੀ ਹੈ।
ਕਿਰਨਦੀਪ ਕੌਰ ਵੱਲੋਂ ਔਰਤਾਂ ਤੇ ਮਰਦਾਂ ਦੀ ਬਰਾਬਰਤਾ ਦੀ ਗੱਲ ਕਰਦਿਆਂ ਕਿਹਾ ਕਿ "ਪਿੰਡ ਬਚਾਓ, ਪੰਜਾਬ ਬਚਾਓ" ਸੰਸਥਾ ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਮਰਦ-ਔਰਤਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਇਸ ਕਾਫ਼ਲੇ ਵਿੱਚ ਵੱਧ ਤੋਂ ਵੱਧ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ।