ਅੰਮ੍ਰਿਤਸਰ: ਪੰਜਾਬ ਦੀ ਹੌਟ ਸੀਟ ਕਹੀ ਜਾ ਰਹੀ ਅੰਮ੍ਰਿਤਸਰ ਪੂਰਬੀ 'ਤੇ ਉਮੀਦਵਾਰਾਂ ਦਰਮਿਆਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਇਸ ਸੀਟ 'ਤੇ ਇਕ ਪਾਸੇ ਜਿਥੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਹਨ, ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ। ਜਦਕਿ ਉਨ੍ਹਾਂ ਦੇ ਮੁਕਾਬਲੇ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਜਗਮੋਹਨ ਸਿੰਘ ਰਾਜੂ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੈਡਮ ਜੀਵਨਜੋਤ ਕੌਰ ਵੀ ਇਸ ਹਲਕੇ ਤੋਂ ਚੋਣ ਦੰਗਲ ਵਿੱਚ ਹਨ।
ਹੋਰਨਾਂ ਉਮੀਦਵਾਰਾਂ ਦੇ ਨਾਲ-ਨਾਲ ਇਕ ਆਜ਼ਾਦ ਉਮੀਦਵਾਰ ਵੀ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਸ ਪੰਜਾਬ ਪਾਰਟੀ ਦੇ ਨਾਂ ਤੇ ਆਜ਼ਾਦ ਉਮੀਦਵਾਰ ਵੱਜੋਂ ਸਫ਼ਰ ਸ਼ੁਕਲਾ ਚੋਣ ਲੜ ਰਹੇ ਹਨ। ਇਸ ਉਮੀਦਵਾਰ ਦੇ ਚੋਣ ਪ੍ਰਚਾਰ ਦੀ ਖਾਸੀਅਤ ਇਹ ਹੈ ਕਿ ਇਹ ਆਪਣੀ ਐਕਟਿਵਾ ਸਕੂਟਰ 'ਤੇ ਬੈਠ ਕੇ ਗਲੀ-ਗਲੀ ਚੋਣ ਪ੍ਰਚਾਰ ਕਰਦੇ ਹਨ ਤੇ ਹੱਥ ਵਿੱਚ ਮਾਈਕ ਲੈ ਕੇ ਭਾਸ਼ਣ ਦਿੰਦੇ ਹਨ।
ਨਿਯਮਾਂ ਮੁਤਾਬਕ ਇਸ ਉਮੀਦਵਾਰ ਨੂੰ 2 ਸੁਰੱਖਿਆ ਗਾਰਡ ਵੀ ਮਿਲੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਸੁਰੱਖਿਆ ਗਾਰਡ ਇਨ੍ਹਾਂ ਦੇ ਨਾਲ ਐਕਟਿਵਾ ਸਕੂਟਰ ਦੇ ਪਿੱਛੇ ਬੈਠ ਕੇ ਚੱਲਦਾ ਹੈ, ਜਦੋਂ ਕਿ ਦੂਜਾ ਸਿਕਿਉਰਿਟੀ ਗਾਰਡ ਆਪਣਾ ਵੱਖਰਾ ਮੋਟਰਸਾਈਕਲ ਲੈ ਕੇ ਚੱਲਦਾ ਹੈ। ਇਸ ਆਜ਼ਾਦ ਉਮੀਦਵਾਰ ਦਾ ਦਾਅਵਾ ਹੈ ਕਿ ਕਿਸੇ ਵੀ ਪਾਰਟੀ ਨੇ ਇਸ ਹਲਕੇ ਤੋਂ ਗੰਭੀਰ ਉਮੀਦਵਾਰ ਨਹੀਂ ਉਤਾਰਿਆ। ਹਰ ਉਮੀਦਵਾਰ ਨੇ ਇੱਥੇ ਰਾਜਨੀਤੀ ਕੀਤੀ, ਫੰਡਾਂ ਦਾ ਕਥਿਤ ਤੌਰ 'ਤੇ ਗਬਨ ਕੀਤਾ ਅਤੇ ਤੁਰਦੇ ਬਣੇ।
ਆਜ਼ਾਦ ਉਮੀਦਵਾਰ ਸਫ਼ਰ ਸ਼ੁਕਲਾ ਦਾ ਦਾਅਵਾ ਹੈ ਕਿ ਉਹ ਗਲੀ ਗਲੀ ਜਾ ਕੇ ਅਤੀਤ ਵਿੱਚ ਇਨ੍ਹਾਂ ਤਮਾਮ ਉਮੀਦਵਾਰਾਂ ਵਿਰੁੱਧ ਲੱਗੀਆਂ ਖ਼ਬਰਾਂ ਦੀਆਂ ਫੋਟੋਸਟੇਟ ਕਾਪੀਆਂ ਕਰਵਾ ਕੇ ਵੰਡ ਰਹੇ ਹਨ ਤਾਂ ਜੋ ਲੋਕਾਂ ਨੂੰ ਅਤੀਤ ਵਿੱਚ ਕੀਤੇ ਘਪਲਿਆਂ ਦਾ ਪਤਾ ਲੱਗ ਸਕੇ। ਇਸ ਉਮੀਦਵਾਰ ਦਾ ਦਾਅਵਾ ਹੈ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਯਕੀਨੀ ਤੌਰ 'ਤੇ ਜਿਤਾਉਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਵੇ, ਉਹ ਆਜ਼ਾਦ ਵਿਧਾਇਕ ਵਜੋਂ ਉਸ ਪਾਰਟੀ ਵਿੱਚ ਸ਼ਾਮਲ ਹੋਣਗੇ ਤੇ ਮੰਤਰੀ ਵੀ ਬਣਨਗੇ। ਚੋਣ ਮੈਨੀਫੈਸਟੋ ਦੇ ਰੂਪ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਸੱਤਾ ਵਿੱਚ ਆਉਣਗੇ ਤਾਂ ਡਰੱਗ ਦਾ ਖਾਤਮਾ ਕੀਤਾ ਜਾਵੇਗਾ, ਸਿੱਖਿਆ ਦੇ ਵਧੀਆ ਸਾਧਨ ਪ੍ਰਬੰਧ ਕੀਤੇ ਜਾਣਗੇ, ਇਸ ਹਲਕੇ ਵਿਚ ਵਿਕਾਸ ਦੇ ਨਾਂ ਤੇ ਹੁਣ ਤੱਕ ਹੋਏ ਘਪਲਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਇਹ ਵੀ ਪੜੋ: ਚੋਣ ਪ੍ਰਚਾਰ ਦੇ ਆਖਿਰੀ ਦਿਨ ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀ