ਅੰਮ੍ਰਿਤਸਰ: ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੀ, ਪਰ ਇਹ ਚੋਣਾਂ ਹਰਿਆਣਾ ਜਾਂ ਮਹਾਂਰਾਸ਼ਟਰ ਦੀਆਂ ਨਹੀਂ ਸਗੋਂ ਕੈਨੇਡਾ ਦੀਆਂ ਹਨ। 21 ਅਕਤੂਬਰ ਨੂੰ ਕੈਨੇਡਾ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ।
ਇਸ ਵਾਰ ਫਸਵਾਂ ਮੁਕਾਬਲਾ ਜਸਟਿਨ ਟਰੂ਼ਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਅਤੇ ਐਂਡਰਿਉ ਸੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਵਿੱਚ ਹੈ ਇਸ ਤੋਂ ਇਲਾਵਾ ਜਗਮੀਤ ਸਿੰਘ ਦੀ ਐਨਡੀਪੀ ਕਿਤੇ ਨਾ ਕਿਤੇ ਟੱਕਰ ਵਿੱਚ ਆ ਰਹੀ ਹੈ। ਪੰਜਾਬੀਆਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਵੱਧ ਕੈਨੇਡਾ ਦੀਆਂ ਚੋਣਾਂ ਵਿੱਚ ਦਿਲਚਸਪੀ ਹੈ, ਕਿਉਂਕਿ ਜ਼ਿਆਦਾਤਰ ਨੌਜਵਾਨਾਂ ਦਾ ਇੱਕ ਹੀ ਸੁਫ਼ਨਾ ਹੈ ਕਿ ਉਨ੍ਹਾਂ ਨੇ ਕੈਨੇਡਾ ਜਾਣਾ ਹੈ।
ਇਸ ਬਾਰੇ ਜਦੋਂ ਵਿਦਿਆਰਥੀਆਂ ਨਾਲ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਦੇ ਕੌਮਾਂਤਰੀ ਵਿਦਿਆਰਥੀਆਂ ਲਈ ਕੀਤੇ ਗਏ ਕੰਮ ਉਨ੍ਹਾਂ ਲਈ ਸ਼ਲਾਘਾਯੋਗ ਬਣ ਰਹੇ ਹਨ ਅਤੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਹੋਣਾ ਚਾਹੀਦਾ ਹੈ ਪਰ ਅਸਲੀ ਸਥਿਤੀ ਤਾਂ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ।