ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ 2 ਮਹੀਨਿਆਂ ਲਈ ਲਗਾਏ ਗਏ ਲੌਕਡਾਊਨ ਤੋਂ ਬਾਅਦ ਰਿਆਇਤਾਂ ਦਿੰਦਿਆਂ ਸਾਰੇ ਧਾਰਮਿਕ ਸਥਾਨਾਂ ਨੂੰ 8 ਜੂਨ ਤੋਂ ਅਨਲੌਕ -1 ਵਿੱਚ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਕੋਰੋਨਾ ਤੋਂ ਬਚਾਅ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ।
ਇਨ੍ਹਾਂ ਨਿਰਦੇਸ਼ਾਂ ਤਹਿਤ ਸਾਰੇ ਧਾਰਮਿਕ ਅਸਥਾਨਾਂ 'ਤੇ ਲੰਗਰ ਅਤੇ ਪ੍ਰਸ਼ਾਦ ਚੜ੍ਹਾਉਣ ਦੀ ਮਨਾਹੀ ਕੀਤੀ ਗਈ ਸੀ, ਪਰ ਲੋਕ ਇਸ ਫੈਸਲੇ ਦੀ ਲਗਾਤਾਰ ਆਲੋਚਨਾ ਕਰ ਰਹੇ ਸਨ। ਇਸੇ ਤਹਿਤ ਪੰਜਾਬ ਸਰਕਾਰ ਨੇ ਸੂਬੇ ਵਿੱਚ ਮੰਦਿਰਾਂ ਅਤੇ ਗੁਰੂਦੁਆਰਾ ਸਾਹਿਬ ਵਿੱਚ ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਦੇ ਦਿੱਤੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ ਹੋਣ ਆਏ ਸ਼ਰਧਾਲੂਆਂ ਨੇ ਮੰਦਰਾਂ ਅਤੇ ਗੁਰੂਦੁਆਰਾ ਸਾਹਿਬਾਂ ਵਿਖੇ ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਸਰਕਾਰ ਦੀ ਮਨਜ਼ੂਰੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਲੰਗਰ ਅਤੇ ਪ੍ਰਸ਼ਾਦ ਦੀ ਮਨਾਹੀ ਨਹੀਂ ਹੋਣੀ ਚਾਹੀਦੀ, ਕਿਉਂਕਿ ਲੋੜਵੰਦ ਅਤੇ ਜ਼ਰੂਰਤਮੰਦ ਲੋਕਾਂ ਨੂੰ ਲੰਗਰ ਦੀ ਜ਼ਰੂਰਤ ਹੁੰਦੀ ਹੈ। ਲੋਕਾਂ ਨੇ ਲੰਗਰ ਸ਼ੁਰੂ ਕਰਨ ਦਾ ਸਵਾਗਤ ਕਰਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।