ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਪੂਰਾ ਵਿਸ਼ਵ ਔਖੇ ਸਮੇਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦਾ ਅਸਰ ਭਾਰਤ ਉੱਤੇ ਵੀ ਪਿਆ ਹੈ, ਜੇ ਗੱਲ ਕਰੀਏ ਪੰਜਾਬ ਦੀ ਤਾਂ ਇੱਥੇ ਕੋਰੋਨਾ ਪੀੜਤ ਲੋਕਾਂ ਦੇ ਗਿਣਤੀ 76 ਹੋ ਚੁੱਕੀ ਹੈ ਅਤੇ 8 ਲੋਕਾਂ ਦੀ ਮੌਤ ਹੋ ਗਈ ਹੈ।
ਲੋਕ ਘਰੋਂ ਬਾਹਰ ਨਾ ਨਿਕਲਣ ਇਸ ਲਈ ਸਰਕਾਰ ਵੱਲੋਂ ਕਰਫ਼ਿਊ ਲਾ ਦਿੱਤਾ ਸੀ। ਖੰਘ, ਜੁਕਾਮ ਅਤੇ ਬੁਖਾਰ ਵਾਲੇ ਵਿਅਕਤੀ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਨ੍ਹਾਂ ਸ਼ੱਕੀ ਮਰੀਜ਼ਾਂ ਲਈ ਸਿਰਫ ਸਰਕਾਰੀ ਹਸਪਤਾਲ ਹੀ ਖੁੱਲ੍ਹੇ ਹਨ, ਉਨ੍ਹਾਂ ਦਾ ਕੰਮ ਵੀ ਡੰਗ ਟਪਾਉ ਹੈ, ਕਿਉਂਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਅਸਲ ਤਸਵੀਰ ਕਿਸੇ ਤੋਂ ਛਿਪੀ ਨਹੀਂ।
ਅਜਿਹੇ ਸਮੇਂ ਵਿੱਚ ਪ੍ਰਾਈਵੇਟ ਹਸਪਤਾਲਾਂ ਨੇ ਲੋਕਾਂ ਤੋਂ ਮੂੰਹ ਮੋੜ ਲਿਆ ਹੈ। ਈਟੀਵੀ ਭਾਰਤ ਵੱਲੋਂ ਅੰਮ੍ਰਿਤਸਰ ਦੇ ਕਈ ਪ੍ਰਾਈਵੇਟ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਤਾਂ ਬੰਦ ਹੀ ਮਿਲੇ। ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲਣ ਵਾਲੇ ਇਨ੍ਹਾਂ ਹਸਪਤਾਲਾਂ ਨੇ ਇਸ ਵੇਲੇ ਆਪਣੇ ਬੂਹੇ ਭੇੜ ਲਏੇ ਹਨ।
ਅਜਿਹੇ ਸਮੇਂ ਸਰਕਾਰ ਵੱਲੋਂ ਵੀ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਸਖ਼ਤੀ ਨਾਲ ਆਦੇਸ਼ ਜਾਰੀ ਨਹੀਂ ਕੀਤੇ। ਅੰਮ੍ਰਿਤਸਰ ਵਿਖੇ ਮੌਖਾ ਹਸਪਤਾਲ ਹੀ ਖੁੱਲਿਆ ਮਿਲਿਆਾ। ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਸੇਵਾਵਾਂ ਦੇ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਸਟਾਫ ਵੀ ਸੇਵਾਵਾਂ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਕਿਡਨੀ ਦੇ ਸਪੈਸ਼ਲ ਹਨ, ਕਿਡਨੀ ਦੇ ਮਰੀਜ਼ ਤਾਂ ਕੋਰੋਨਾ ਤੋਂ ਵੀ ਗੰਭੀਰ ਹੁੰਦੇ ਹਨ।