ਅੰਮ੍ਰਿਤਰ: ਅਜਨਾਲਾ ਦੀ ਰਹਿਣ ਵਾਲੀ ਮਮਤਾ ਨਾਂਅ ਦੀ ਔਰਤ ਨੂੰ ਲੇਬਰ ਪੇਨ ਹੋਣ 'ਤੇ ਹਸਪਤਾਲ ਲੈ ਜਾਇਆ ਗਿਆ। ਅਜਨਾਲਾ ਦੇ ਹਸਪਤਾਲ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫ਼ਰ ਕਰ ਦਿੱਤਾ ਸੀ, ਪਰ ਇੱਥੋਂ ਦੇ ਡਾਕਟਰਾਂ ਨੇ ਉਸ ਨੂੰ ਨਾ ਦਾਖ਼ਲ ਕੀਤਾ ਤੇ ਨਾ ਹੀ ਉਸ ਨੂੰ ਬੈਡ ਦਿੱਤਾ ਗਿਆ।
ਪੀੜਤ ਮਮਤਾ ਗੁਰੂ ਨਾਨਕ ਦੇਵ ਹਸਪਤਾਲ ਦੇ ਫ਼ਰਸ਼ 'ਤੇ ਪਿਛਲੇ ਤਿੰਨ ਦਿਨਾਂ ਤੋਂ ਲੇਬਰ ਪੇਨ ਨਾਲ ਤੜਪਦੀ ਪਰ ਡਾਕਟਰਾਂ ਨੇ ਉਸ ਦਾ ਚੈਕਅੱਪ ਤੱਕ ਨਹੀਂ ਕੀਤਾ। ਮਮਤਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਚੰਗੀ ਤਰ੍ਹਾਂ ਚੈੱਕ ਨਹੀਂ ਕੀਤਾ ਜਾ ਰਿਹਾ। ਕਦੇ ਕਿਹਾ ਜਾਂਦਾ ਹੈ ਕਿ ਇਹ ਕੇਸ ਨੌਰਮਲ ਹੈ ਤੇ ਕਦੇ ਕਿਹਾ ਜਾਂਦਾ ਹੈ ਕਿ ਵੱਡਾ ਆਪ੍ਰੇਸ਼ਨ ਹੋਣਾ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੇ ਕੈਪਟਨ ਸਰਕਾਰ 'ਤੇ ਕੱਢੀ ਆਪਣੀ ਭੜਾਸ
ਮਮਤਾ ਦੀ ਮਾਂ ਨੇ ਵੀ ਦੱਸਿਆ ਕਿ ਡਾਕਟਰਾਂ ਨੂੰ ਮਮਤਾ ਦੇ ਜਣੇਪੇ ਲਈ ਕਈ ਵਾਰ ਮਿੰਨਤਾਂ ਕੀਤੀਆਂ ਪਰ ਡਾਕਟਰਾਂ ਦੇ ਕੰਨਾਂ ਦੇ ਜੂੰ ਤੱਕ ਨਾ ਸਰਕੀ। ਆਖ਼ਰ ਮਮਤਾ ਨੂੰ ਦਰਦ ਜ਼ਿਆਦਾ ਹੋਣ ਲੱਗਾ ਤਾਂ ਉਹ ਹਸਪਤਾਲ ਦੇ ਫ਼ਰਸ਼ 'ਤੇ ਹੀ ਲੇਟ ਗਈ ਅਤੇ ਤਿੰਨ ਦਿਨ ਤੋਂ ਉੱਥੇ ਹੀ ਤੜਪਦੀ ਰਹੀ। ਹਾਲਾਂਕਿ ਪੱਤਰਕਾਰਾਂ ਨੂੰ ਵੇਖਦਿਆਂ ਹਸਪਤਾਲ ਦੇ ਸਟਾਫ਼ ਨੇ ਔਰਤ ਨੂੰ ਦਾਖ਼ਲ ਕਰ ਲਿਆ ਹੈ, ਪਰ ਜਦ ਇਸ ਮਾਮਲੇ 'ਤੇ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।