ਅੰਮ੍ਰਿਤਸਰ: ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਕੌਮ ਦੇ ਨਾਮ ਸੰਦੇਸ਼ ਦੇਣ ਪਹੁੰਚੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਸਾਥੀਆਂ ਨੂੰ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਨਹੀਂ ਵੜਨ ਦਿੱਤਾ ਜਿਸ ਉਪਰੰਤ ਭਾਈ ਮੰਡ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰ ਦਿੱਤਾ ਤੇ ਸੰਦੇਸ਼ ਦੇ ਪਰਚੇ ਮੌਕੇ ‘ਤੇ ਮੌਜੂਦ ਮੀਡੀਆ ਤੇ ਸੰਗਤ ਨੂੰ ਵੰਡ ਦਿੱਤੇ।
ਪੁਲਿਸ ਨਾਲ ਕਾਫੀ ਦੇਰ ਲੰਬੀ ਬਹਿਸ ਮਗਰੋਂ ਭਾਈ ਮੰਡ ਨੇ ਸੰਦੇਸ਼ ਦੇ ਪਰਚੇ ਇੱਥੇ ਮੀਡੀਆ ਨੂੰ ਵੰਡੇ। ਉਨ੍ਹਾਂ ਨੇ ਪੁਲਿਸ ਨੂੰ ਇਹ ਵੀ ਦਲੀਲ ਦਿੱਤੀ ਕਿ 6 ਜੂਨ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੇ ਸਨ, ਉਦੋਂ ਕਿਹੜਾ ਕੋਈ ਟਕਰਾਅ ਹੋਇਆ ਸੀ।
ਉਨ੍ਹਾਂ ਨੇ ਪੁਲਿਸ ਨੂੰ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਤਾਂ ਅੱਗੋਂ ਜਵਾਬ ਮਿਲਿਆ ਕਿ ਸਰਕਾਰ ਦੇ ਹੁਕਮ ਹਨ। ਬਾਅਦ ਵਿਚ ਭਾਈ ਮੰਡ ਨੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ‘ਤੇ ਖੜੇ ਹੋ ਕੇ ਅਰਦਾਸ ਕੀਤੀ ਤੇ ਆਪਣਾ ਸੰਦੇਸ਼ ਪੱਤਰ ਪੜਨ ਉਪਰੰਤ ਵੰਡਿਆ।
ਇਹ ਵੀ ਪੜੋ: ਦਿੱਲੀ ਦੀ ਹਵਾ ਹੋਈ ਖ਼ਰਾਬ, 500 ਉੱਤੇ ਪਹੁੰਚਿਆਂ ਪੀਐਮ 2.5
ਭਾਈ ਮੰਡ ਨੇ ਪੁਲਿਸ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਦਾਖਲ ਨਾ ਹੋਣ ਦੇਣ ਨੂੰ ਵੱਡੀ ਧੱਕੇਸ਼ਾਹੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਬੱਤ ਖ਼ਾਲਸਾ ਵਿਚ ਲੱਖਾਂ ਲੋਕਾਂ ਨੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਜ਼ਿੰਮੇਵਾਰੀ ਸੌਂਪੀ ਸੀ ਤੇ ਉਹ ਕੌਮ ਦੇ ਨਾਂ ਸੰਦੇਸ਼ ਦੇਣ ਦਾ ਆਪਣਾ ਫਰਜ਼ ਨਿਭਾਉਣ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜੋ ਧੱਕਾ ਅੱਜ ਕਾਂਗਰਸ ਸਰਕਾਰ ਕਰ ਰਹੀ ਹੈ, ਉਹੀ ਧੱਕਾ ਪਹਿਲਾਂ ਬਾਦਲ ਸਰਕਾਰ ਦੇ ਰਾਜ ਵਿਚ ਹੁੰਦਾ ਰਿਹਾ ਹੈ।