ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਵਲੋਂ ਨਸ਼ੇ ਵਿਰੁੱਧ ਵੱਖ-ਵੱਖ ਇਲਾਕਿਆਂ ਵਿਚ ਪਬਲਿਕ ਪੁਲਿਸ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਸ਼ੁੱਕਰਵਾਰ ਨੂੰ ਇਲਾਕਾ ਛੇਹਰਟਾ ਦੇ ਖੰਡਵਾਲਾ ਇਲਾਕੇ ਵਿੱਚ ਪੁਲਿਸ ਕਮਿਸ਼ਨਰ ਵਲੋਂ ਪਬਲਿਕ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਪੁੱਜੇ ਲੋਕਾਂ ਵਲੋਂ ਨਸ਼ੇ ਵਿਰੁੱਧ ਪੁਲਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐੱਸ.ਐੱਸ ਸ਼੍ਰੀਵਾਸਤਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਵਿਰੁੱਧ ਪੁਲਿਸ ਨੂੰ ਉਹ ਆਪਣਾ ਸਹਿਯੋਗ ਦੇਣ।
ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਸਪੋਰਟਸ ਕਲੱਬ ਬਣਾਏ ਜਾਣ ਤੇ ਨਸ਼ਾ ਕਰਨ ਵਾਲਿਆਂ ਦਾ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਪੁਲਿਸ ਦੀ ਮੁਹਿੰਮ ਜਾਰੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਪੰਜਾਬ 'ਚ ਨਸ਼ੇ ਦੇ ਖਾ਼ਤਮੇ ਦੇ ਮੁੱਦੇ 'ਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਸਨਿੱਚਰਵਾਰ ਨੂੰ ਬੈਠਕ ਬੁਲਾਈ ਹੈ ਜਿਸ ਵਿੱਚ ਆਈ.ਜੀ, ਡੀ.ਆਈ.ਜੀ ਅਤੇ ਐੱਸ.ਐੱਸ.ਪੀ ਸਣੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।