ਅੰਮ੍ਰਿਤਸਰ: ਪੰਜਾਬ 'ਚ ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹਾ ਹੀ ਇੱਕ ਮਾਮਲਾ ਸਾਲ 2016 'ਚ ਵੀ ਸਾਹਮਣੇ ਆਇਆ ਸੀ, ਜੋ ਅੰਮ੍ਰਿਤਸਰ ਦੇ ਪਿੰਡ ਰਾਮਦਵਾਲੀ ਮੁਸਲਮਾਨਾਂ ਵਿਖੇ ਹੋਇਆ ਸੀ। ਇਸ 'ਚ ਤਿੰਨ ਵਿਅਕਤੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ, ਜਿੰਨ੍ਹਾਂ ਨੂੰ ਪੁਲਿਸ ਵਲੋਂ ਧਾਰਾ 295 ਏ ਦੇ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਇਸ ਦੌਰਾਨ ਉੱਥੇ ਸਰਬਜੀਤ ਸਿੰਘ ਜੋ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸੀ, ਉਸ ਨੇ ਸਾਲ 2018 'ਚ ਜੇਲ੍ਹ ਦੇ ਅੰਦਰ ਇਹਨਾਂ ਮੁਲਜ਼ਮਾਂ ਦੇ ਗੁੱਟ ਵੱਢ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਦਾ ਸੌਧਾ ਲਾ ਦਿੱਤਾ।
ਢੋਲ ਦੀ ਥਾਪ 'ਤੇ ਗ੍ਰਿਫ਼ਤਾਰੀ ਲਈ ਪੁੱਜਿਆ: ਜੇਲ੍ਹ 'ਚ ਹੋਈ ਇਸ ਵਾਰਦਾਤ ਤੋਂ ਬਾਅਦ ਪੁਲਿਸ ਵਲੋਂ ਉਕਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਸਰਬਜੀਤ ਸਿੰਘ ਖਿਲਾਫ਼ ਵਾਰੰਟ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਅਦਾਲਤ ਵਲੋਂ ਵਾਂਟੇਡ ਸ਼ਖ਼ਸ ਸਰਬਜੀਤ ਸਿੰਘ ਖੁਦ ਢੋਲ ਦੀ ਥਾਪ 'ਤੇ ਭੰਗੜਾ ਪਾਉਂਦਾ ਹੋਇਆ ਆਪਣੀ ਗ੍ਰਿਫ਼ਤਾਰੀ ਦੇਣ ਲਈ ਥਾਣਾ ਗੇਟ ਹਕੀਮਾਂ ਪਹੁੰਚਿਆ ਹੈ ਪਰ ਪੁਲਿਸ ਵਲੋਂ ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਲੈਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ। ਕੈਮਰੇ ਸਾਹਮਣੇ ਨਾ ਆਉਂਦੇ ਹੋਏ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਮਾਣਯੋਗ ਅਦਾਲਤ ਦੇ ਹੁਕਮ ਨੇ ਉਥੇ ਹੀ ਇਸ ਨੂੰ ਪੇਸ਼ ਹੋਣਾ ਪਵੇਗਾ, ਜਿਸ 'ਚ ਅਸੀਂ ਗ੍ਰਿਫ਼ਤਾਰੀ ਨਹੀਂ ਪਾ ਸਕਦੇ।
ਸ਼ਖ਼ਸ ਪਹਿਲਾਂ ਹੀ ਕੱਟ ਰਿਹਾ ਸੀ ਜੇਲ੍ਹ: ਇਸ ਦੌਰਾਨ ਗ੍ਰਿਫ਼ਤਾਰੀ ਦੇਣ ਆਏ ਸ਼ਖ਼ਸ ਸਰਬਜੀਤ ਸਿੰਘ ਦਾ ਕਹਿਣਾ ਕਿ ਉਸ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸੌਧਾ ਲਾਇਆ ਹੈ, ਜਿਸ ਦਾ ਉਸ ਨੂੰ ਕੋਈ ਮਲਾਲ ਨਹੀਂ ਹੈ। ਉਸ ਦਾ ਕਹਿਣਾ ਕਿ ਗੁਰੂ ਸਾਹਿਬ ਨੇ ਉਸ ਕੋਲੋਂ ਇਹ ਕਿਰਪਾ ਲਈ ਹੈ ਤੇ ਖੁਸ਼ੀ-ਖੁਸ਼ੀ ਉਗ ਢੋਲ ਵਜ੍ਹਾ ਕੇ ਗ੍ਰਿਫ਼ਤਾਰੀ ਦੇਣ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਕੇਸ 'ਚ ਉਹ ਜੇਲ੍ਹ 'ਚ ਸਜ਼ਾ ਕੱਟ ਰਹੇ ਸਨ ਤਾਂ ਇਸ ਦੌਰਾਨ ਬੇਅਦਬੀ ਦੇ ਦੋਸ਼ੀ ਉਥੇ ਜੇਲ੍ਹ 'ਚ ਆਏ ਤਾਂ ਇਸ ਦੌਰਾਨ ਉਨ੍ਹਾਂ ਦੋਸ਼ੀਆਂ ਨੂੰ ਸੌਧਾ ਲਗਾ ਦਿੱਤਾ। ਉਧਰ ਗ੍ਰਿਫ਼ਤਾਰੀ ਦੇਣ ਆਏ ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਨਾ ਕਰਨ 'ਤੇ ਕਈ ਸਵਾਲ ਖੜੇ ਹੁੰਦੇ ਹਨ।