ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਲੋਕਾਂ ਵਲੋਂ ਇਕ ਮੋਟਰਸਾਈਕਲ ਚੋਰ ਕਾਬੂ ਕੀਤਾ ਗਿਆ ਹੈ। ਘਟਨਾ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕੇ ਵਡਾਲੀ ਦੀ ਹੈ। ਇਹ ਨੌਜਵਾਨ ਦਿਨੇਂ ਹੀ ਗਲੀ ਵਿਚ ਪਾਰਕ ਕੀਤਾ ਹੋਇਆ ਮੋਟਰਸਾਇਕਲ ਚੋਰੀ ਕਰਕੇ ਲੈ ਕੇ ਜਾ ਰਿਹਾ ਸੀ। ਇਸ ਚੋਰ ਨੂੰ ਲੋਕਾਂ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਾਬੂ ਕਰ ਲਿਆ।
ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ: ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਗਲੀ ਵਿੱਚ ਇਕ ਮਿਸਤਰੀ ਵਲੋਂ ਮੋਟਰਸਾਈਕਲ ਪਾਰਕ ਕੀਤਾ ਗਿਆ ਸੀ ਤੇ ਮਿਸਤਰੀ ਲਾਗੇ ਹੀ ਇਕ ਘਰ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਇੱਕ ਨੌਜਵਾਨ ਆਇਆ ਅਤੇ ਮੋਟਰਸਾਈਕਲ ਲੈਕੇ ਭੱਜਣ ਲੱਗਾ ਅਤੇ ਇਹ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸੇ ਦੌਰਾਨ ਕੁੱਝ ਲੋਕਾਂ ਨੇ ਵੀ ਰੌਲਾ ਪਾ ਦਿੱਤਾ ਅਤੇ ਲੋਕਾਂ ਦੀ ਮਦਦ ਨਾਲ ਇਸ ਚੋਰ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ: ਮੈਡੀਕਲ ਸਟੋਰ ਵਿਚ ਹੋਈ ਲੁੱਟ ਦਾ ਮਾਮਲਾ: ਲੁਟੇਰਿਆਂ ਦੇ ਨਾਲ ਹੁਣ ਦੁਕਾਨ ਮਾਲਕ ਉਤੇ ਵੀ ਹੋਵੇਗੀ ਕਾਰਵਾਈ !
ਖੰਭੇ ਨਾਲ ਬੰਨ੍ਹਿਆਂ ਚੋਰ: ਲੋਕਾਂ ਨੇ ਕਾਬੂ ਕੀਤੇ ਚੋਰ ਨੂੰ ਖੰਬੇ ਦੇ ਨਾਲ ਬੰਨਿਆਂ ਅਤੇ ਉਸਦੀ ਚੰਗੀ ਝੰੜਝੰਭ ਵੀ ਕੀਤੀ। ਪੁੱਛਣ ਉੱਤੇ ਚੋਰ ਨੇ ਦੱਸਿਆ ਕਿ ਉਹ ਨਸ਼ੇ ਦੀ ਪੂਰਤੀ ਖਾਤਰ ਲੋਕਾਂ ਦਾ ਸਮਾਨ ਚੋਰੀ ਕਰਦਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਵਿਚੋਂ ਕਰੀਬ 15 16 ਮੋਟਰਸਾਇਕਲ ਚੋਰੀ ਹੋ ਚੁੱਕੇ ਹਨ। ਅੱਜ ਇਹ ਚੋਰ ਕਾਬੂ ਆ ਗਿਆ ਹੈ। ਦੂਜੇ ਪਾਸੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉਥੇ ਹੀ ਪੁਲਿਸ ਅਧੀਕਾਰੀ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ।
ਪਹਿਲਾਂ ਵੀ ਹੋ ਚੁੱਕੀਆਂ ਨੇ ਵਾਰਦਾਤਾਂ: ਹੈਰਾਨੀ ਵਾਲੀ ਗੱਲ ਕੁੱਝ ਦਿਨ ਪਹਿਲਾਂ ਵੀ ਬਿਆਸ ਅਤੇ ਨੇੜੇ ਦੇ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਇਥੋਂ ਦੇ ਦੁਕਾਨਦਾਰਾਂ ਨੇ ਕਿਹਾ ਸੀ ਕਿ ਹੋ ਰਹੀਆਂ ਚੋਰੀਆਂ ਅਤੇ ਲੁੱਟ ਖੋਹਾਂ ਕਾਰਨ ਲੋਕਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਉਨਾਂ ਦੱਸਿਆ ਕਿ ਬੀਤੇ ਦਿਨੀਂ ਵੀ ਚੋਰਾਂ ਵੱਲੋਂ ਨਜ਼ਦੀਕੀ ਪੱਤੀ ਨਰੰਗਪੁਰ ਵਿੱਚ ਤਿੰਨ ਚਾਰ ਮੋਬਾਇਲ ਖੋਹਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪਰ ਲਗਦਾ ਹੈ ਨਫਰੀ ਦੀ ਘਾਟ ਨਾਲ ਜੂਝ ਰਹੀ ਬਿਆਸ ਪੁਲਿਸ ਚੋਰਾਂ ਨੂੰ ਕਾਬੂ ਨਹੀਂ ਕਰ ਪਾ ਰਹੀ ਹੈ। ਉਨਾਂ ਕਿਹਾ ਕਿ ਪਿੰਡ ਬੁਤਾਲਾ ਵਿੱਚ ਸਥਿਤ ਪੁਲਿਸ ਚੌਂਕੀ ਦੇ ਇੰਚਾਰਜ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਰੋਬਾਰੀਆਂ ਲਈ ਸਿਰਦਰਦੀ ਬਣ ਚੁੱਕੇ ਮੋਟਰਸਾਈਕਲ ਸਵਾਰ ਚੋਰ ਗੈਂਗ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।