ਅੰਮ੍ਰਿਤਸਰ: ਲਗਾਤਾਰ ਵੱਧ ਰਹੀ ਮਹਿੰਗਾਈ ਦੇ ਚੱਲਦੇ ਆਮ ਲੋਕਾਂ ਦਾ ਬਜਟ ਵਿਗੜ ਚੁੱਕਾ ਹੈ। ਵੱਧ ਰਹੀ ਮਹਿੰਗਾਈ ਨੂੰ ਲੈ ਕੇ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਕਾਫੀ ਵਧਾ ਦਿੱਤੀਆਂ ਹਨ। ਜਿਸ ਨਾਲ ਮਹਿਲਾਵਾਂ ਕਾਫੀ ਪ੍ਰੇਸ਼ਾਨ ਨਜ਼ਰ ਆਈਆ। ਇਸ ਮੌਕੇ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਅੰਮ੍ਰਿਤਸਰ ਦੀਆਂ ਕੁਝ ਮਹਿਲਾਵਾਂ ਨੇ ਮੀਡਿਆ ਨਾਲ਼ ਗੱਲਬਾਤ ਕੀਤੀ।
'ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਦੀਆਂ ਨੇ ਸਰਕਾਰਾਂ': ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲਗਾਤਾਰ ਰਸੋਈ ਗੈਸ ਦੀਆਂ ਕੀਮਤਾਂ ਵਧਣ ਨਾਲ ਘਰ ਦਾ ਬਜਟ ਵਿਗੜ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅੱਛੇ ਦਿਨ ਆਉਣਗੇ ਪਰ ਕੇਂਦਰ ਸਰਕਾਰ ਦੇ ਸਾਰੇ ਅੱਛੇ ਦਿਨ ਦੇ ਵਾਅਦੇ ਝੂਠੇ ਸਾਬਿਤ ਹੋਏ ਹਨ। ਇਨ੍ਹਾਂ ਮਹਿਲਾਵਾਂ ਨੇ ਕਿਹਾ ਕਿ ਸਾਨੂੰ ਅੱਛੇ ਦਿਨਾਂ ਦੀ ਜ਼ਰੂਰਤ ਨਹੀਂ, ਸਾਨੂੰ ਸਰਕਾਰ ਪਿਛਲ਼ੇ ਦਿਨ ਹੀ ਵਾਪਿਸ ਕਰੇ। ਇਨ੍ਹਾਂ ਮਹਿਲਾਵਾਂ ਨੇ ਕਿਹਾ ਕਿ ਰਸੋਈ ਗੈਸ ਦੀ ਕੀਮਤ 1093 ਰੁਪਏ ਤੋਂ ਵੱਧ ਕੇ ਹੁਣ 1143 ਰੂਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਲਗਾਤਾਰ ਕੀਮਤਾਂ ਵਧਦੀਆਂ ਰਹੀਆਂ ਤਾਂ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਸਰਕਾਰਾਂ ਸਰਕਾਰਾਂ ਚੋਣਾਂ ਤੋਂ ਪਹਿਲਾਂ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਜੋ ਹੁੰਦਾ ਹੈ ਉਹ ਸਭ ਨੂੰ ਦਿਖ ਹੀ ਰਿਹਾ ਹੈ। ਇਸੇ ਦੌਰਾਨ ਆਪਣਾ ਖਾਣੇ ਦਾ ਕਾਰੋਬਾਰ ਕਰਨ ਵਾਲੀਆਂ ਮਹਿਲਾਵਾਂ ਨੇ ਕਿਹਾ ਕਿ ਲੱਕ ਤੋੜਵੀਂ ਇਸ ਮਹਿੰਗਾਈ ਨੇ ਸਾਡੇ ਵਰਗੇ ਆਮ ਲੋਕਾਂ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਪਰਿਵਾਰ ਨੂੰ ਪਾਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵੱਧ ਰਹੀ ਇਸ ਮਹਿੰਗਾਈ ਨਾਲ ਸਾਡੇ ਰਾਸ਼ਨ ਦਾ ਪੈਸਾ ਵੀ ਵਾਪਿਸ ਨਹੀਂ ਮਿਲਦਾ ਕਿਸ ਤਰ੍ਹਾਂ ਅਸੀਂ ਆਪਣਾ ਕੰਮ ਚਲਾਈਏ।
ਇਸੇ ਦੌਰਾਨ ਇੱਕ ਮਹਿਲਾ ਨੇ ਕਿਹਾ ਕਿ ਸਰਕਾਰਾਂ ਵੋਟਾਂ ਲੈਣ ਦੇ ਮਾਰੇ ਸਭ ਦੇ ਘਰਾਂ ਵਿੱਚ ਗੇੜੇ ਮਾਰਦੇ ਹਨ ਕਿ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਪਰ ਸਰਕਾਰ ਬਣਨ ਤੋਂ ਬਾਅਦ ਕੋਈ ਆਕੇ ਸਾਰ ਨਹੀਂ ਲੈਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ ਪਰ ਸਾਨੂੰ ਸਾਡੇ ਪੁਰਾਣੇ ਦਿਨ ਹੀ ਵਾਪਿਸ ਕਰਦੋ, ਸਾਨੂੰ ਇਸ ਤਰ੍ਹਾਂ ਦੇ ਅੱਛੇ ਦਿਨ੍ਹਾਂ ਦੀ ਜਰੂਰਤ ਨਹੀਂ ਹੈ।
ਬੁੱਧਵਾਰ ਸਵੇਰੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਹੋਇਆ ਵਾਧਾ: ਦੱਸ ਦੇਈਏ ਕਿ ਹੋਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ LPG ਸਿਲੰਡਰ ਨੇ ਮਹਿੰਗਾਈ ਨਾਲ ਲੋਕਾਂ ਦੀ ਜੇਬ ਨੂੰ ਅੱਗ ਲਗਾਈ ਹੈ। ਬੁੱਧਵਾਰ ਸਵੇਰੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਰਸੋਈ ਗੈਸ ਸਿਲੰਡਰ 350.50 ਰੁਪਏ ਮਹਿੰਗਾ ਹੋ ਗਿਆ ਹੈ।