ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਨੇ ਹਰ ਤਰ੍ਹਾਂ ਦੀ ਯਾਤਰਾ ਉੱਤੇ ਰੋਕ ਲਾ ਦਿੱਤੀ ਸੀ। ਪਿਛਲੇ ਲਗਭਗ 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕਈ ਭਾਰਤੀ ਪਾਕਿਸਤਾਨ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ, ਪਰ ਅਚਾਨਕ ਕੀਤੇ ਗਏ ਲੌਕਡਾਊਨ ਕਾਰਨ ਉਹ ਉੱਥੇ ਹੀ ਫ਼ਸ ਗਏ ਸਨ। ਭਾਰਤ ਸਰਕਾਰ ਇੰਨ੍ਹਾਂ ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਦਾ ਕੰਮ ਕਰ ਰਹੀ ਹੈ। ਜਿਸ ਤਹਿਤ ਸ਼ੁਕਰਵਾਰ ਨੂੰ ਕਰੀਬ 215 ਭਾਰਤੀ ਵਤਨ ਵਾਪਿਸ ਆਏ ਹਨ।
ਭਾਰਤ ਸਰਕਾਰ ਦੇ ਹੁਕਮਾਂ ਮੁਤਾਬਕ ਉੱਥੇ ਫਸੇ ਨਾਗਰਿਕਾਂ ਨੂੰ 25, 26 ਅਤੇ 27 ਜੂਨ ਨੂੰ 250 ਦੇ 3 ਗਰੁੱਪਾਂ ਵਿੱਚ ਵਾਪਸ ਲਿਆਂਦਾ ਜਾਵੇਗਾ। ਜਾਣਕਾਰੀ ਮੁਤਾਬਕ ਇਹ ਭਾਰਤੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਨ। 25 ਜੂਨ ਪਾਕਿਸਤਾਨ ਤੋਂ 250 ਭਾਰਤੀਆਂ ਦਾ ਪਹਿਲਾ ਗਰੁੱਪ ਆਉਣਾ ਸੀ, ਪਰ ਉਨ੍ਹਾਂ ਵਿੱਚੋਂ 204 ਭਾਰਤੀ ਹੀ ਭਾਰਤ ਵਾਪਸ ਮੁੜ ਸਕੇ ਜੋ ਕਿ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਸਨ। ਬਾਕੀ ਬਚੇ 46 ਭਾਰਤੀ ਅੱਜ ਭਾਰਤ ਵਾਪਸ ਆਏ ਹਨ ਅਤੇ ਦੂਸਰੇ ਗਰੁੱਪ ਦੇ 169 ਭਾਰਤੀ ਅੱਜ ਸ਼ਾਮ ਤੱਕ ਭਾਰਤ ਵਾਪਸ ਪਰਤ ਗਏ ਹਨ ਜੋ ਕਿ ਗੁਜਰਾਤ ਅਤੇ ਮਹਾਰਾਸ਼ਟਰ ਨਾਲ ਸਬੰਧਿਤ ਹਨ, ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਏਕਾਂਤਵਾਸ ਕੀਤਾ ਜਾਵੇਗਾ। ਪਾਕਿਸਤਾਨ ਵਿੱਚ ਫ਼ਸੇ ਇੰਨ੍ਹਾਂ ਭਾਰਤੀਆਂ ਦੀ ਗਿਣਤੀ 748 ਹੈ।