ਅੰਮ੍ਰਿਤਸਰ: ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਲੋਕਾਂ ਦੇ ਘਰੋਂ ਨਿਕਲਣ ਦਾ ਸਮਾਂ ਮਿਥਿਆ ਗਿਆ ਹੈ, ਪਰ ਹਰ ਦਿਨ ਚੋਰੀ, ਲੁੱਟਾਂ-ਖੋਹਾਂ ਜਾਂ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਮੁਸਤਫਾਬਾਦ ਦਾ ਸਾਹਮਣੇ ਆਇਆ ਹੈ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਹਨ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਅੰਮ੍ਰਿਤਸਰ ਦੇ ਮੁਸਤਾਫ਼ਾਬਾਦ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਅਤੇ ਇੱਕ-ਦੂਸਰੇ ਉੱਤੇ ਜਮ੍ਹ ਕੇ ਇੱਟਾਂ-ਰੋੜੇ ਅਤੇ ਕੱਚ ਦੀਆਂ ਬੋਤਲਾਂ ਮਾਰੀਆਂ ਗਈਆਂ। ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਵੇਂ ਧਿਰਾਂ ਵੱਲੋਂ ਇੱਟਾਂ-ਰੋੜੇ ਵਰਸਾਏ ਜਾ ਰਹੇ ਹਨ ਅਤੇ ਇੱਕ ਵਿਅਕਤੀ ਦੇ ਸਿਰ ਵਿੱਚ ਇੱਟ ਵੀ ਵੱਜਦੀ ਹੈ।
ਇੱਟ ਵੱਜਣ ਤੋਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਜਾਂਦਾ ਹੈ ਅਤੇ ਉਸ ਦੇ ਸਿਰ ਤੋਂ ਖ਼ੂਨ ਵੀ ਵਹਿਣ ਲੱਗਦਾ ਹੈ। ਜਾਣਕਾਰੀ ਮੁਤਾਬਕ ਇਹ ਲੜਾਈ ਲਗਭਗ ਰਾਤ ਦੇ 10.00 ਵਜੇ ਹੋਈ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਕੁੱਝ ਮੁੰਡਿਆਂ ਨੇ ਸਾਡੇ ਮੁੰਡੇ ਪੈਰਾਂ ਹੇਠ ਦੱਬ ਰੱਖਿਆ ਸੀ ਅਤੇ ਸਾਨੂੰ ਫ਼ੋਨ ਕਰ ਕੇ ਕਹਿੰਦੇ ਕਿ ਆਪਣੇ ਮੁੰਡੇ ਨੂੰ ਆ ਕੇ ਲੈ ਜਾਵੋ। ਜਿਵੇਂ ਹੀ ਅਸੀਂ ਉਸ ਨੂੰ ਲੈਣ ਵਾਸਤੇ ਗਏ ਤਾਂ ਉਨ੍ਹਾਂ ਨੇ ਦਾਤਰੀਆਂ ਵਗੈਰਾ ਕੱਢ ਲਈਆਂ ਅਤੇ ਸਾਡੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਾਡੇ ਉੱਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ।
ਇਸੇ ਦੌਰਾਨ ਇੱਕ ਇੱਟ ਸਾਡੇ ਲੜਕੇ ਨੂੰ ਵੱਜੀ ਅਤੇ ਉਸ ਦਾ ਮੂੰਹ ਅਤੇ ਨੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਫ਼ਿਲਹਾਲ ਤਾਂ ਜ਼ਖ਼ਮੀ ਜੇਰੇ ਇਲਾਜ ਹਸਪਤਾਲ ਵਿੱਚ ਹੈ। ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਪਰਿਵਾਰਾਂ ਵਿਚਾਲੇ ਪੁਰਾਣੀ ਦੁਸ਼ਮਣੀ ਸੀ ਜਿਸ ਕਾਰਨ ਉਨ੍ਹਾਂ ਦਾ ਝਗੜਾ ਇੰਨਾ ਵੱਧ ਗਿਆ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।