ਅੰਮ੍ਰਿਤਸਰ: ਦਸਮ ਪਾਤਸ਼ਾਹ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਹੱਦ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਕੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ-ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ। ਪ੍ਰਕਾਸ਼ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਅਲੌਕਿਕ ਜਲੌ ਸਜਾਏ ਗਏ, ਜਿਸ ਦੇ ਸੰਗਤਾਂ ਨੇ ਦਰਸ਼ਨ ਕੀਤੇ ਤੇ ਅਨੰਦ ਮਾਣਿਆ।
ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਆ ਰਹੀ ਸੰਗਤ: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ 'ਚ ਸ਼ਰਧਾਲੂ ਅੱਜ ਨਤਮਸਤਕ ਹੋਣ ਪਹੁੰਚ ਰਹੇ ਹਨ ਅਤੇ ਜਿੱਥੇ ਅੰਮ੍ਰਿਤਸਰ ਸ਼ਹਿਰ ਵਾਸੀ ਇਸ ਦਿਨ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਹਨ ਤਾਂ ਉਥੇ ਹੀ ਦੇਸ਼ ਅਤੇ ਵਿਦੇਸ਼ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਅੱਜ ਦੇ ਦਿਨ ਨਤਮਸਤਕ ਹੋ ਰਹੀਆਂ ਹਨ ਅਤੇ ਪਵਿੱਤਰ ਸਰੋਵਰ ਵਿੱਚ ਡੁਬਕੀ ਲਾਉਂਦੀਆਂ ਹਨ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਅਤੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਦੀਆਂ ਹਨ।
ਠੰਢ 'ਤੇ ਭਾਰੀ ਸੰਗਤ ਦੀ ਸ਼ਰਧਾ: ਇਸ ਮੌਕੇ ਪੁੱਜੀਆਂ ਸੰਗਤਾਂ ਦਾ ਕਹਿਣਾ ਕਿ ਅੱਜ ਦੇ ਦਿਨ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੌਸਮ ਭਾਵੇਂ ਠੰਢਾ ਹੈ ਅਤੇ ਧੁੰਦ ਪਈ ਹੈ ਪਰ ਸੰਗਤਾਂ ਦੀ ਸ਼ਰਧਾ ਠੰਢ 'ਤੇ ਭਾਰੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀ ਸਭ ਆਜ਼ਾਦ ਫਿਜ਼ਾ 'ਚ ਜਿਉਂਦੇ ਹਾਂ ਤਾਂ ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰਕੇ ਹੀ ਜੀਅ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਨਹੀਂ ਅੱਜ ਹਰ ਕੋਈ ਮੁਸਲਮਾਨ ਹੋਣਾ ਸੀ।
ਸ਼ਾਮ ਸਮੇਂ ਕੀਤੀ ਜਾਵੇਗੀ ਦੀਪਮਾਲਾ ਤੇ ਆਤਿਸ਼ਬਾਜੀ: ਗੌਰਤਲਬ ਹੈ ਕਿ ਜਿੱਥੇ ਸਵੇਰ ਤੋਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੰਗਤਾਂ ਨਤਮਸਤਕ ਹੋਣ ਪਹੁੰਚਦੀ ਹੈ, ਉੱਥੇ ਹੀ ਦੇਰ ਸ਼ਾਮ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਦੀਪਮਾਲਾ ਵੀ ਕੀਤੀ ਜਾਂਦੀ ਹੈ ਅਤੇ ਐੱਸਜੀਪੀਸੀ ਵੱਲੋਂ ਸ਼ਾਮ ਵੇਲੇ ਆਤਿਸ਼ਬਾਜੀ ਵੀ ਕੀਤੀ ਜਾਂਦੀ ਹੈ ਜੋ ਕਿ ਇਕ ਵੱਖਰਾ ਹੀ ਨਜ਼ਾਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇਖਣ ਨੂੰ ਮਿਲਦਾ ਹੈ।