ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਰਾਮ ਤੀਰਥ ਰੋਡ 'ਤੇ ਇੱਕ ਬਜ਼ੁਰਗ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਦੋਸ਼ੀਆਂ ਵੱਲੋਂ ਬਜ਼ੁਰਗ ਦਾ ਕਤਲ ਕਰਨ ਉਪਰੰਤ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗ ਸਕੇ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਾਮਲੇ ਵਿੱਚ ਇੱਕ ਔਰਤ ਸਮੇਤ ਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
21 ਤਰੀਕ ਤੋਂ ਨਹੀਂ ਸੀ ਪਰਤਿਆ ਘਰ
ਮ੍ਰਿਤਕ ਦੇ ਬੇਟੇ ਹਰਵਿੰਦਰ ਸਿੰਘ ਅਨੁਸਾਰ ਉਸਦਾ ਪਿਤਾ ਰੇਲਵੇ ਤੋਂ ਰਿਟਾਇਰ ਸੀ ਅਤੇ ਵਿਆਜ਼ 'ਤੇ ਪੈਸੇ ਦੇਣ ਦਾ ਕੰਮ ਕਰਦਾ ਸੀ। ਉਸਦਾ ਪਿਤਾ ਜਗੀਰ ਸਿੰਘ 21 ਤਾਰੀਕ ਤੋਂ ਘਰੋਂ ਗਾਇਬ ਸੀ। ਉਸ ਨੇ ਦੱਸਿਆ ਕਿ ਉਕਤ ਦਿਨ ਉਸਦੇ ਪਿਤਾ ਨੇ ਕਿਹਾ ਸੀ ਕਿ ਉਹ ਪਿੰਡ ਮਾਹਲ ਅਜੇ ਕੁਮਾਰ ਤੋਂ ਪੈਸੇ ਲੈਣ ਜਾ ਰਿਹਾ ਹੈ, ਪਰੰਤੂ ਵਾਪਸ ਨਹੀਂ ਆਇਆ।
ਸੀਸੀਟੀਵੀ ਰਾਹੀਂ ਲੱਗਿਆ ਪਤਾ
ਉਸ ਨੇ ਕਿਹਾ ਕਿ ਸ਼ਾਮ ਨੂੰ ਕਿਸੇ ਵੱਲੋਂ ਏਟੀਐਮ ਵਿੱਚੋਂ ਪੈਸੇ ਕਢਵਾਏ ਗਏ ਤਾਂ ਉਨ੍ਹਾਂ ਨੇ ਸ਼ੱਕ ਪੈਣ 'ਤੇ ਏਟੀਐਮ ਦੀ ਸੀਸੀਟੀਵੀ ਚੈਕ ਕਰਵਾਈ ਤਾਂ ਮਾਮਲੇ ਬਾਰੇ ਪਤਾ ਲੱਗਿਆ। ਜਦੋਂ ਉਹ ਅਜੇ ਕੁਮਾਰ ਦੇ ਘਰ ਗਏ ਤਾਂ ਕੁੱਝ ਨਹੀਂ ਮਿਲਿਆ, ਜਿਸ 'ਤੇ ਸ਼ੱਕ ਪੈਣ 'ਤੇ ਪੁਲਿਸ ਨੇ ਅਜੇ ਕੁਮਾਰ ਸਮੇਤ ਚਾਰ ਨੂੰ ਫੜ ਲਿਆ ਹੈ।
ਟੁਕੜਿਆਂ ਵਿੱਚ ਮਿਲੀ ਲਾਸ਼, ਜਾਂਚ ਜਾਰੀ
ਉਧਰ, ਪੁਲਿਸ ਇੰਸਪੈਕਟਰ ਯਾਦਵਿੰਦਿਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 65 ਕੁ ਸਾਲ ਹੈ ਅਤੇ ਵਿਆਜ਼ 'ਤੇ ਦਿੱਤੇ ਪੈਸੇ ਲੈਣ ਗਿਆ ਸੀ ਪਰ ਘਰ ਨਹੀਂ ਮੁੜਿਆ। ਉਨ੍ਹਾਂ ਕਿਹਾ ਕਿ ਇੱਕ ਅਜੇ ਕੁਮਾਰ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ ਪੁੱਛਗਿਛ ਦੇ ਆਧਾਰ 'ਤੇ ਮ੍ਰਿਤਕ ਦੀ ਲਾਸ਼ ਟੁਕੜਿਆਂ ਵਿੱਚ ਗੰਦੇ ਨਾਲੇ ਵਿੱਚੋਂ ਬਰਾਮਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।