ਅੰਮ੍ਰਿਤਸਰ: ਪੰਜਾਬ ਵਿੱਚ 18 ਮਈ ਤੋਂ ਕਰਫ਼ਿਊ ਖੋਲ੍ਹ ਦਿੱਤਾ ਗਿਆ ਸੀ ਤੇ ਸਿਰਫ਼ ਲੌਕਡਾਊਨ ਜਾਰੀ ਹੈ। ਇਸ ਦੇ ਨਾਲ ਹੀ ਰੋਜ਼ਮਰਾਂ ਲਈ ਜ਼ਰੂਰੀ ਦੁਕਾਨਾਂ ਖੋਲ੍ਹੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸਰਕਾਰੀ ਬੱਸਾਂ ਨੂੰ ਵੀ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਚਾਹੇ 20 ਮਈ ਤੋਂ ਸਰਕਾਰੀ ਬੱਸਾਂ ਲੋਕਾਂ ਨੂੰ ਲਿਜਾਣ ਲਈ ਤਿਆਰ ਬਰ ਤਿਆਰ ਹਨ ਪਰ ਸਵਾਰੀਆਂ ਬਹੁੜੀਆਂ ਨਹੀਂ ਹਨ। ਅੰਮ੍ਰਿਤਸਰ ਅੰਤਰਰਾਜ਼ੀ ਬੱਸ ਅੱਡੇ ਦੀ ਗੱਲ ਕਰੀਏ ਤਾਂ ਇੱਥੋਂ 20 ਮਾਰਚ ਬੱਸਾਂ ਸਿਰਫ਼ ਜਲੰਧਰ ਤੇ ਪਠਾਨਕੋਟ ਸ਼ਹਿਰਾਂ ਨੂੰ ਹੀ ਬੱਸਾਂ ਗਈਆਂ ਹਨ। ਹਾਲੇ ਵੀ ਜਲੰਧਰ ਨੂੰ 8, ਪਠਾਨਕੋਟ ਨੂੰ 5, ਪੱਟੀ ਤੇ ਫਰੀਦਕੋਟ ਨੂੰ ਇੱਕ-ਇੱਕ ਬੱਸ ਹੀ ਗਈ ਹੈ। ਹੋਰ ਕਿਸੇ ਰੂਟ ਉੱਪਰ ਬੱਸ ਨਹੀਂ ਗਈ।
ਹੋਰ ਰੂਟਾਂ ਉੱਪਰ ਬੱਸ ਨਾ ਚੱਲਣ ਦਾ ਕਾਰਨ ਸਵਾਰੀਆਂ ਦੀ ਅਣਹੋਂਦ ਹੈ। ਪਰ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਵੱਲੋਂ ਕੋਈ ਢਿੱਲ ਨਹੀਂ। ਜਦੋਂ ਹੀ 25-30 ਸਵਾਰੀਆਂ ਬੱਸ ਸਟੈਂਡ ਉੱਪਰ ਆ ਜਾਂਦੀਆਂ ਹਨ ਤਾਂ ਬੱਸ ਤੁਰ ਪੈਂਦੀ ਹੈ। ਸਫ਼ਰ ਕਰਨ ਸਮੇਂ ਸਵਾਰੀ ਦੇ ਮਾਸਕ ਪਾਉਣਾ ਜ਼ਰੂਰੀ ਹੈ ਤੇ ਬੱਸ ਨੂੰ ਵੀ ਸੈਨੇਟਾਈਜ਼ ਵੀ ਕੀਤਾ ਗਿਆ ਹੈ। ਇਸ ਮੌਕੇ ਅੰਮ੍ਰਿਤਸਰ ਤੋਂ ਫਰੀਦਕੋਟ ਬੱਸ ਲਿਜਾਣ ਵਾਲੇ ਡਰਾਈਵਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਿ ਬੱਸ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ ਹੈ ਤੇ ਮੁਸਾਫਰਾਂ ਦੀ ਸਕਰੀਨਿੰਗ ਕਰਕੇ ਮਾਸਕ ਵੀ ਪਵਾਏ ਗਏ ਹਨ।