ਅੰਮ੍ਰਿਤਸਰ: ਦਰਬਾਰ ਸਾਹਿਬ ਨਜ਼ਦੀਕ ਵਿਰਾਸਤੀ ਮਾਰਗ ਦੇ ਉੱਪਰ ਦੋ ਦਿਨਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਲਗਾਤਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਾਂਚ ਲਈ ਪਹੁੰਚ ਰਹੀਆਂ ਹਨ। ਉੱਥੇ ਹੀ ਐਨਆਈਏ ਟੀਮ ਵੀ ਸੋਮਵਾਰ ਸ਼ਾਮ ਨੂੰ ਘਟਨਾ ਵਾਲੀ ਥਾਂ ਉੱਤੇ ਪਹੁੰਚੀ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਹੋਏ ਧਮਾਕੇ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਘਟਨਾ ਸਥਾਨ ਉੱਤੇ ਪਹੁੰਚੇ ਹਨ। ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਬੰਬ ਦੇਸੀ ਤਰੀਕੇ ਨਾਲ ਬਣਾਇਆ ਹੋਇਆ ਸੀ ਅਤੇ ਦਹਿਸ਼ਤ ਪੈਦਾ ਕਰਨ ਲਈ ਉਸ ਨੂੰ ਚਲਾਇਆ ਗਿਆ ਜਿਸ ਕਰਕੇ ਥਾਣਾ ਕੋਤਵਾਲੀ ਵਿੱਚ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।
NIA ਟੀਮ ਨੇ ਮੌਕੇ ਵਾਲੀ ਥਾਂ ਦਾ ਲਿਆ ਜਾਇਜ਼ਾ: ਸੋਮਵਾਰ ਨੂੰ ਦੇਰ ਸ਼ਾਮ ਐੱਨਆਈਏ ਦੀ ਟੀਮ ਬਲਾਸਟ ਵਾਲੀ ਥਾਂ ਉੱਤੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ NIA ਦੀ ਟੀਮ ਜਾਂਚ ਲਈ ਪਹੁੰਚੇ ਹਨ ਅਤੇ ਉਸ ਤੋਂ ਇਲਾਵਾ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਵਿਰਾਸਤੀ ਮਾਰਗ ਉੱਤੇ ਸਥਿਤ ਹੋਟਲ ਮਾਲਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ, ਤਾਂ ਜੋ ਕਿ ਹਰ ਇੱਕ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ।
ਫੋਰੈਂਸਿਕ ਟੀਮ ਨਾਲ NIA ਦੀ ਮੀਟਿੰਗ: NIA ਦੀ ਟੀਮ ਨੇ ਸੋਮਵਾਰ ਰਾਤ ਨੂੰ ਹੈਰੀਟੇਜ ਰੋਡ ਦੀ ਜਾਂਚ ਕਰ ਰਹੀ ਫੋਰੈਂਸਿਕ ਟੀਮ ਨਾਲ ਵੀ ਮੁਲਾਕਾਤ ਕੀਤੀ। ਫੋਰੈਂਸਿਕ ਟੀਮ ਵੱਲੋਂ ਹੁਣ ਤੱਕ ਬਣਾਏ ਗਏ ਨੋਟਸ 'ਤੇ ਵੀ ਵਿਚਾਰ ਕੀਤਾ ਗਿਆ। ਐਨਆਈਏ ਵੀ ਫੋਰੈਂਸਿਕ ਟੀਮ ਦੇ ਨਾਲ ਮੌਕੇ 'ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਟੀਮ ਨੇ ਜਾਂਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਹਾਲਾਂਕਿ ਐਨਆਈਏ ਟੀਮ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਦੂਰੀ ਬਣਾਈ।
- Amritsar Blast Investigation: ਅੰਮ੍ਰਿਤਸਰ 'ਚ ਦੋ ਵਾਰ ਧਮਾਕਾ, ਸ਼ਰਾਰਤ ਜਾਂ ਸਾਜਿਸ਼ !
- ਆਸਥਾ ਦਾ ਸਭ ਤੋਂ ਵੱਡਾ ਕੇਂਦਰ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ? ਹੈਰੀਟੇਜ ਸਟ੍ਰੀਟ ਵਿੱਚ ਇੱਕ ਤੋਂ ਬਾਅਦ ਇੱਕ ਦੋ ਧਮਾਕੇ
- Amritsar Blast : ਦੋ ਦਿਨਾਂ 'ਚ 2 ਧਮਾਕੇ, ਡੀਜੀਪੀ ਨੇ ਘਟਨਾ ਸਥਲ ਦਾ ਲਿਆ ਜਾਇਜ਼ਾ, ਕਿਹਾ- ਧਮਾਕੇ ਦੀ ਟੈਰਰ ਐਂਗਲ ਤੋਂ ਵੀ ਜਾਂਚ ਜਾਰੀ
ਡੀਸੀਪੀ ਦੀ ਸਥਾਨਕ ਵਾਸੀਆਂ ਨੂੰ ਅਪੀਲ: ਡੀਸੀਪੀ ਭੰਡਾਲ ਵੱਲੋਂ ਅੰਮ੍ਰਿਤਸਰ ਵਾਸੀਆਂ ਨੂੰ ਮਿਲ-ਜੁਲ ਕੇ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਉਹ ਤੁਰੰਤ ਅਪਣੇ ਇਲਾਕੇ ਦੇ ਸਬੰਧਤ ਥਾਣੇ ਨਾਲ ਸੰਪਰਕ ਕਰੇ। ਇਸ ਤੋਂ ਇਲਾਵਾ ਜੇਕਰ ਕੋਈ ਲਾਵਾਰਿਸ ਚੀਜ਼ ਨਜ਼ਰ ਆਉਂਦੀ ਹੈ, ਤਾਂ ਉਸ ਦੀ ਇਤਲਾਹ ਵੀ ਸਬੰਧਤ ਥਾਣੇ ਵਿੱਚ ਦਿੱਤੀ ਜਾਵੇ, ਤਾਂ ਜੋ ਉਸ ਸਮੇਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਦੱਸ ਦਈਏ ਕਿ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਅੰਮ੍ਰਿਤਸਰ ਪੁਲਿਸ ਟੀਮ ਨਾਲ ਵਿਰਾਸਤੀ ਮਾਰਗ ’ਤੇ ਹੀ ਰਹੇ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਉੱਚੀਆਂ ਇਮਾਰਤਾਂ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਉੱਚੀਆਂ ਇਮਾਰਤਾਂ ਦਾ ਵੀ ਨਿਰੀਖਣ ਕੀਤਾ ਗਿਆ। ਕੁਝ ਉੱਚੀਆਂ ਇਮਾਰਤਾਂ ’ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਹੋਟਲ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਕਮਰਾ ਨਾ ਦੇਣ। ਹੈਰੀਟੇਜ ਸਟਰੀਟ ਅੰਦਰ ਜਿੱਥੇ ਲੋੜ ਹੈ, ਉੱਥੇ ਬੰਕਰ ਵੀ ਤਿਆਰ ਕੀਤੇ ਗਏ ਹਨ।