ਅੰਮ੍ਰਿਤਸਰ: ਵਿਸ਼ਵ ਵਿੱਚ ਇੱਕ ਵਾਰ ਫੇਰ ਕੋੋਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਖਤਰਾ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਦੇ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਆਪਣੇ ਤੌਰ ਤੇ ਸਾਵਧਾਨੀਆਂ ਵਰਤ ਰਹੀਆਂ ਹਨ। ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਨੂੰ ਲੈ ਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਦਾ ਬਿਆਨ ਸਾਹਮਣੇ ਆਇਆ ਹੈ। ਓਪੀ ਸੋਨੀ ਨੇ ਕਿਹਾ ਕਿ ਪੰਜਾਬ ਵਿੱਚ ਓਮੀਕਰੋਨ ਦਾ ਕੋਈ ਵੀ ਕੇਸ ਨਹੀਂ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੇ ਹਵਾਈ ਅੱਡਿਆਂ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਨਵੇਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਓਮੀਕਰੋਨ ਨੂੰ ਲੈ ਕੇ ਹਵਾਈ ਅੱਡਿਆਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਤੀਸਰੀ ਲਹਿਰ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਰਾਜ ਦੇ ਸਾਰੇ ਹਵਾਈ ਅੱਡਿਆਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਉਣ ਵਾਲੇ ਯਾਤਰੂਆਂ ਦਾ ਟੈਸਟ ਲਾਜ਼ਮੀ ਗਏ ਹਨ।
ਹਵਾਈ ਅੱਡਿਆਂ ਤੇ ਯਾਤਰੂਆਂ ਦੀ ਕੀਤੀ ਜਾ ਰਹੀ ਚੈਕਿੰਗ
ਓ ਪੀ ਸੋਨੀ ਨੇ ਦੱਸਿਆ ਕਿ ਸੂਬੇ ਭਰ ਵਿੱਚ 2.35 ਲੱਖ ਲੋਕਾਂ ਵੱਲੋਂ ਕਰੋਨਾ ਵੈਕਸੀਨ ਦੀ ਪਹਿਲੀ ਡੋਜ ਲੈ ਲਈ ਗਈ ਹੈ ਅਤੇ 36 ਫੀਸਦੀ ਤੋਂ ਜਿ਼ਆਦਾ ਲੋਕਾਂ ਨੇ ਕੋਰੋਨਾ ਦੀ ਦੂਸਰੀ ਡੋਜ ਵੀ ਲੈ ਲਈ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਜਿੰਨ੍ਹਾਂ ਕੋਲ ਸਿਹਤ ਵਿਭਾਗ ਦਾ ਚਾਰਜ ਵੀ ਹੈ ਨੇ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ਵਿਖੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਸਾਈਕਲ ਰੈਲੀ ਅਤੇ ਤਿੰਨ ਵੈਨਾਂ ਨੂੰ ਹਰੀ ਝੰਡੀ ਦੇਣ ਉਪਰੰਤ ਕੀਤਾ
ਕੈਂਸਰ ਹਸਪਤਾਲ ਨੂੰ ਲੈ ਕੇ ਓਪੀ ਸੋਨੀ ਦਾ ਬਿਆਨ
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵਸਨੀਕ ਕੈਂਸਰ ਦੇ ਮਰੀਜਾਂ ਲਈ ਸਰਕਾਰ ਵੱਲੋਂ 850 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਹਰੇਕ ਕੈਂਸਰ ਪੀੜ੍ਹਤ ਮਰੀਜ ਦਾ ਮੁੱਖ ਮੰਤਰੀ ਰੀਲੀਫ਼ ਫੰਡ ਤਹਿਤ 1.50 ਲੱਖ ਰੁਪਏ ਤੱਕ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 120 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਹ ਹਸਪਤਾਲ ਜਲਦ ਹੀ ਕਾਰਜ਼ਸ਼ੀਲ ਹੋ ਜਾਵੇਗਾ। ਉਨਾਂ ਦੱਸਿਆ ਕਿ 45 ਕਰੋੜ ਰੁਪਏ ਦੀ ਲਾਗਤ ਨਾਲ ਟਰਸਰੀ ਕੈਂਸਰ ਕੇਅਰ ਸੈਂਟਰ ਫਾਜਿਲਕਾ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਇਹ ਹਸਪਤਾਲ ਵੀ ਜਲਦ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਸਿਹਤ ਕਾਮਿਆਂ ਵੱਲੋਂ ਕੀਤੀ ਹੜਤਾਲ ਤੇ ਬੋਲੇ ਸੋਨੀ
ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਓਪੀ ਸੋਨੀ ਨੇ ਕਿਹਾ ਕਿ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨੂੰ ਆਪਣੀ ਹੜਤਾਲ ਛੱਡ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵੀ ਇਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਉਨਾਂ ਦੀ ਮੁੱਖ ਮੰਤਰੀ ਨਾਲ ਗੱਲਬਾਤ ਵੀ ਹੋ ਚੁੱਕੀ ਹੈ। ਸੋਨੀ ਨੇ ਕਿਹਾ ਕਿ ਮੁਲਾਜ਼ਮਾਂ ਦੀ ਜਾਇਜ ਮੰਗਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਭਾਰਤ ’ਚ ਓਮੀਕਰੋਨ ਦਾ ਚੌਥਾ ਮਾਮਲਾ, ਦੱਖਣੀ ਅਫਰੀਕਾ ਤੋਂ ਪਰਤਿਆ ਸੀ ਵਿਅਕਤੀ