ਅੰਮ੍ਰਿਤਸਰ: ਨਹਿਰੂ ਕਲੋਨੀ ਦੀ ਰਹਿਣ ਵਾਲੀ ਨੇਹਾ ਆਪਣੀ ਪੇਂਟਿੰਗ ਕਰਕੇ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਵਾਹ ਵਾਹ ਖੱਟ ਰਹੀ ਹੈ। ਕੁਝ ਸਮਾਂ ਪਹਿਲਾਂ ਨੇਹਾ ਦੇ ਪਿਤਾ ਦਾ ਐਕਸੀਡੈਂਟ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੇਂਟਿੰਗ ਦੇ ਸਫ਼ਰ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਮਿਹਨਤ ਮਜ਼ਦੂਰੀ ਕਰ ਕੇ ਘਰ ਦੀ ਜਿੰਮੇਵਾਰੀ ਚੁੱਕੀ। ਪਰ, ਹੌਲੀ-ਹੌਲੀ ਇੱਕ ਵਾਰ ਫਿਰ ਨੇਹਾ ਨੇ ਆਪਣੇ ਸੁਪਨਿਆਂ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਤੱਕ 100 ਤੋਂ ਵੱਧ ਪੇਂਟਿੰਗਜ਼ ਬਣਾ ਚੁੱਕੀ ਹੈ।
ਇਕ ਵਾਰ ਵੇਖੀ ਥਾਂ ਨੂੰ ਨੇਹਾ ਕੈਨਵਸ ਉੱਤੇ ਉਲੀਕ ਦਿੰਦੀ ਹੈ: ਨੇਹਾ ਨੇ ਦੱਸਿਆ ਕਿ ਉਹ ਕੋਈ ਵੀ ਥਾਂ ਇੱਕ ਵਾਰ ਵੇਖ ਲਵੇ, ਫਿਰ ਉਹ ਉਸ ਦੀ ਪੇਂਟਿੰਗ ਬਣਾ ਲਵੇਗੀ। ਉਸ ਨੇ ਕਿਹਾ ਕਿ ਉਹ ਅਜੇ ਮਹਿਜ਼ ਆਪਣੇ ਸੁਪਨੇ ਤੋਂ ਦੂਰ ਹੈ, ਪਰ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚੇਗੀ। ਨੇਹਾ ਨੇ ਦੱਸਿਆ ਕਿ ਉਸ ਨੇ ਪੇਂਟਿੰਗ ਕਰਨਾ ਕਿਸੇ ਤੋਂ ਸਿੱਖਿਆ ਨਹੀਂ ਹੈ, ਪਰ ਸ਼ੌਂਕ ਹੈ। ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਕਾਰਨ, ਉਹ ਆਪਣੀ ਪੜਾਈ ਵੀ ਪੂਰੀ ਨਹੀਂ ਕਰਨ ਪਾਈ, ਅਤੇ ਨੌਕਰੀ ਸ਼ੁਰੂ ਕਰ ਦਿੱਤੀ। ਫਿਰ ਉਸ ਨੇ ਇਹ ਸੋਚ ਲਿਆ ਕਿ ਉਹ ਪੇਂਟਿੰਗ ਦੇ ਖੇਤਰ ਵਿੱਚ ਹੀ ਅੱਗੇ ਆਪਣੇ ਕਰੀਅਰ ਨੂੰ ਵਧਾਵੇਗੀ।
"ਨੇਹਾ ਸਾਡੇ ਲਈ ਪੁੱਤਰ ਤੋਂ ਘੱਟ ਨਹੀਂ": ਦੂਜੇ ਪਾਸੇ ਨੇਹਾ ਦੇ ਚਾਚੇ ਨੇ ਕਿਹਾ ਕਿ ਨੇਹਾ ਸਾਡੀ ਧੀ ਨਹੀਂ ਸਗੋਂ ਇੱਕ ਬੇਟਾ ਹੈ, ਜੋ ਆਪਣੀ ਪੇਂਟਿੰਗ ਰਾਹੀਂ ਪਰਿਵਾਰ ਦਾ ਨਾਂ ਰੌਸ਼ਨ ਕਰ ਰਹੀ ਹੈ। ਲੋਕ ਪ੍ਰਮਾਤਮਾ ਤੋਂ ਬੇਟਾ ਮੰਗਦੇ ਹਨ, ਪਰ ਭਗਵਾਨ ਨੇ ਨੇਹਾ ਨੂੰ ਸਾਨੂੰ ਬੇਟੀ ਦੀ ਬਜਾਏ ਬੇਟੇ ਦੇ ਰੂਪ ਵਿੱਚ ਭੇਜਿਆ ਹੈ। ਅੱਜ ਪੇਂਟਿੰਗ ਕਰਕੇ ਉਹ ਆਪਣਾ ਸੁਪਨਾ ਪੂਰਾ ਕਰ ਰਹੀ ਹੈ, ਇਸ ਲਈ ਉਸਨੇ ਆਪਣੀ ਨੌਕਰੀ ਵੀ ਛੱਡ ਦਿੱਤੀ, ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਉਸਨੂੰ ਤਰੱਕੀ ਦੇਵੇ ਤਾਂ ਜੋ ਉਸ ਦਾ ਸੁਪਨਾ ਪੂਰਾ ਹੋ ਸਕੇ।
ਇਹ ਵੀ ਪੜ੍ਹੋ: ਹਾਦਸਿਆਂ ਦਾ ਕਾਰਨ ਬਣ ਰਹੇ ਨੇ ਅਵਾਰਾ ਪਸ਼ੂ, ਸ਼ਹਿਰ ਨੂੰ ਇਹਨਾਂ ਤੋਂ ਮੁਕਤ ਕਰਨ ਲਈ ਵਿਸ਼ੇਸ਼ ਉਪਰਾਲਾ