ਚੰਡੀਗੜ੍ਹ: ਅੰਮ੍ਰਿਤਸਰ ਤੋਂ ਸਾਂਸਦ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਸਿਆਸਤ ਵਿੱਚ ਸਰਗਰਮ ਰਹਿਣ ਲਈ ਜਾਣੇ ਜਾਂਦੇ ਹਨ। ਹੁਣ ਸਿੱਧੂ ਨੇ ਲੋਕਾਂ ਦੇ ਮਸਲੇ ਚੁੱਕਣ ਲਈ 'ਜਿੱਤੇਗਾ ਪੰਜਾਬ' ਨਾਂਅ ਦਾ ਨਵਾਂ ਟਵੀਟਰ ਅਕਾਉਂਟ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਟਵੀਟਰ ਹੈਂਡਲ ਰਾਹੀਂ ਪੰਜਾਬ ਦੇ ਲੋਕਾਂ ਦੇ ਮਸਲੇ ਚੁੱਕੇ ਜਾਣਗੇ।
ਨਵੇਂ ਬਣਾਏ ਟਵੀਟਰ ਅਕਾਊਂਟ 'ਤੇ ਸਿੱਧੂ ਨੇ ਟਵੀਟ ਕਰ ਕਾਬੂਲ ਹਮਲੇ ਦੀ ਨਿੰਦਾ ਕੀਤੀ ਅਤੇ ਲਿਖਿਆ ਕਿ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਸਿੱਖ ਧਰਮ ਭਾਈਚਾਰਕ ਸਾਂਝ ਨੂੰ ਪਹਿਲ ਦੇਣ ਵਾਲਾ ਅਤੇ ਅੱਤਿਆਚਾਰ ਦੇ ਖ਼ਿਲਾਫ਼ ਡਟ ਕੇ ਲੜਣ ਵਾਲਾ ਧਰਮ ਹੈ। ਉਨ੍ਹਾਂ ਲਿਖਿਆ ਕਿ ਅਜਿਹੇ ਹਮਲੇ ਨਾਲ ਕੋਈ ਵੀ ਸਿੱਖ ਧਰਮ ਨੂੰ ਕਮਜ਼ੋਰ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: ਕਾਬੁਲ 'ਚ ਗੁਰਦੁਆਰਾ ਸਾਹਿਬ ’ਤੇ ਹਮਲਾ, 27 ਸ਼ਰਧਾਲੂਆਂ ਦੀ ਮੌਤ, 4 ਅੱਤਵਾਦੀ ਢੇਰ
ਇਹ ਵੀ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਜਿੱਤੇਗਾ ਪੰਜਾਬ ਨਾਂਅ ਦਾ ਯੂਟਿਊਬ ਚੈਨਲ ਬਣਾਇਆ ਹੈ ਜਿਸ ਚੈਨਲ 'ਤੇ ਉਹ ਪੰਜਾਬ ਨੂੰ ਨਵੀਂ ਰਾਹ 'ਤੇ ਲੈ ਕੇ ਜਾਣ ਸਬੰਧੀ ਆਪਣੀਆਂ ਵੀਡੀਓਜ਼ ਪਾਉਂਦੇ ਹਨ।