ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਦਿੱਲੀ ਫ਼ਤਹਿ ਮਾਰਚ ਦੀ ਸ਼ੁਰੂਆਤ, ਅੱਜ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਦੇ ਕੀਤੀ ਗਈ ਹੈ। ਜਿੱਥੇ ਸੰਗਤ ਵੱਲੋਂ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਗਈ, ਉੱਥੇ ਹੀ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਮੌਜੂਦ ਰਹੀਆਂ।
ਦਿੱਲੀ ਲਾਲ ਕਿਲ੍ਹੇ ਜਾ ਕੇ ਹੋਵੇਗਾ ਸੰਪਨ: ਉਥੇ ਹੀ, ਨਿਹੰਗ ਸਿੰਘ ਜਥੇਬੰਦੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਗਰ ਕੀਰਤਨ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਦਿੱਲੀ ਲਾਲ ਕਿਲ੍ਹੇ ਜਾ ਕੇ ਸੰਪਨ ਹੋਵੇਗਾ। ਇਸ ਦਾ ਭਾਵ ਜਲੰਧਰ, ਲੁਧਿਆਣਾ, ਰਾਜਪੁਰਾ ਅਤੇ ਅੰਬਾਲੇ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਦਿੱਲੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਅਸੀਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਇਸ ਦੀ ਜਾਣਕਾਰੀ ਦੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਅਗਲੇ ਦਿਨ ਦਿੱਲੀ ਨੂੰ ਰਵਾਨਾ ਹੋਵੇਗਾ ਜਿਸ ਵਿੱਚ ਇਸ ਫਤਿਹ ਮਾਰਚ ਵਿਚ ਗਤਕੇ ਦੇ ਜੌਹਰ ਦੇ ਨਾਲ ਸਿਖ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਿਆ ਜਾਣਕਾਰੀ ਸਾਂਝੀਆ ਕੀਤੀਆਂ ਜਾਣਗੀਆਂ। ਦਿਲੀ ਪਹੁੰਚਣ ਉੱਤੇ ਢਾਡੀ ਜੱਥਿਆਂ ਵਲੋਂ ਸੰਗਤ ਨੂੰ ਸ਼ਹੀਦੀ ਸੂਰਮਿਆਂ ਦੀਆਂ ਸ਼ਹਾਦਤਾਂ ਸੰਬਧੀ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਸਮਾਗਮ ਕੀਤੇ ਜਾਣਗੇ। ਇਸ ਨਗਰ ਕੀਰਤਨ ਵਿੱਚ, ਜੋ ਵੀ ਸਹਿਯੋਗ ਸ੍ਰੋਮਣੀ ਕਮੇਟੀ ਵੱਲੋਂ ਮੰਗਿਆ ਹੈ, ਸਾਨੂੰ ਪੂਰਨ ਤੌਰ 'ਤੇ ਮਿਲਿਆ ਹੈ।
ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਸ ਨਗਰ ਕੀਰਤਨ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਮਨਜੀਤ ਸਿੰਘ ਭੋਮਾ ਬੀਬੀ ਕੋਲਾ ਜੀ, ਭਲਾਈ ਕੇਂਦਰ ਵੱਲੋਂ ਭਾਈ ਹਰਿੰਦਰਪਾਲ ਸਿੰਘ ਲਿਟਲ ਵੀਰ ਜੀ ਬਲਜੀਤ ਸਿੰਘ ਦਾਦੂਵਾਲ, ਬਿਜਲੀ ਜਲਾ ਸਕੱਤਰ ਗੁਰਚਰਨ ਸਿੰਘ ਗਰੇਵਾਲ, ਹਰਿਮੰਦਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ, ਅਕਾਲ ਤਖ਼ਤ ਸਾਹਿਬ ਦੇ ਮੈਨੇਜਰ ਜਸਪਾਲ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਇਹ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਕੱਲ੍ਹ ਦਿੱਲੀ ਪਹੁੰਚ ਕੇ ਸੰਪੂਰਨ ਹੋਵੇਗਾ।
ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਨਗਰ ਕੀਰਤਨ 'ਚ ਸ਼ਾਮਲ: ਉਥੇ ਹੀ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਕਿ ਅਸੀਂ ਇਸ ਨਗਰ ਕੀਰਤਨ ਵਿਚ ਸ਼ਿਰਕਤ ਕਰੀਏ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਨਾਲ ਹਮੇਸ਼ਾ ਹੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਪੰਥ ਲਈ ਅਵਾਜ਼ ਅਤੇ ਕੰਮ ਕਰ ਰਹੇ ਹਾਂ। ਉੱਥੇ ਹੀ ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਨਗਰ ਕੀਰਤਨਾਂ ਦੀ ਜ਼ਰੂਰਤ ਹੈ, ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਪਤਿਤਪੁਣੇ ਵੱਲ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਸਾਡੇ ਨੌਜਵਾਨਾਂ ਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ। ਦੂਜੇ ਪਾਸੇ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਮੇਜਰ ਸਿੰਘ ਸੋਢੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਨਗਰ ਕੀਰਤਨ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਆਪਣੀ ਹਾਜ਼ਰੀ ਜ਼ਰੂਰ ਲਗਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Amritpal Search Operation: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ, ਪਰ ਇਸ ਸਖ਼ਸ਼ ਦੀ ਸਲਾਹ 'ਤੇ ਹੋਇਆ ਫ਼ਰਾਰ !