ਬਠਿੰਡਾ : ਬਠਿੰਡਾ ਦੇ ਵਿਧਾਇਕ ਅਮਿਤ ਰਤਨ ਦੀ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਨੂੰ ਲੈਕੇ ਸਿਆਸੀ ਆਗੂ ਲਗਾਤਾਰ ਬਿਆਨ ਦੇ ਰਹੇ ਹਨ। ਭਾਜਪਾ ਨੇਤਾ ਡਾਕਟਰ ਰਾਜ ਕੁਮਾਰ ਵੇਰਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਮੀਡੀਆ ਦੇ ਨਾਂ ਇਕ ਸੰਦੇਸ਼ ਜਾਰੀ ਕਰਦਿਆਂ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੌ ਵਿੱਚੋਂ 95 ਬੇਇਮਾਨ ਹਨ ਪਰ ਅਫਸੋਸ ਦੀ ਗੱਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਫਿਰ ਵੀ ਮਹਾਨ ਹਨ। ਉਨ੍ਹਾਂ ਕੇਜਰੀਵਾਲ ਨੂੰ ਤਿੱਖੇ ਸਵਾਲਾਂ ਨਾਲ ਘੇਰਿਆ ਹੈ। ਹਾਲਾਂਕਿ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਰੂਰ ਪਿੱਠ ਥਾਪੜੀ ਹੈ।
ਦਿੱਲੀ ਦੇ ਮੰਤਰੀਆਂ ਦਾ ਜ਼ਿਕਰ: ਡਾ. ਰਾਜਕੁਮਾਰ ਵੇਰਕਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਤੋਂ ਬੇਇਮਾਨ ਪਾਰਟੀ ਹੈ। ਉਨ੍ਹਾਂ ਦਿੱਲੀ ਦੇ ਕਈ ਮੰਤਰੀਆਂ ਦਾ ਵੀ ਨਾਂ ਲਿਆ। ਵੇਰਕਾ ਨੇ ਕਿਹਾ ਕਿ ਸਤਿੰਦਰ ਜੈਨ ਦਿੱਲੀ ਦੇ ਸਿਹਤ ਮੰਤਰੀ ਕਿੰਨੇ ਹੀ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ। ਵੇਰਕਾ ਨੇ ਕਿਹਾ ਕਿ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਅੱਜ ਵੀ ਕੋਰਟ ਦੀਆਂ ਤਰੀਕੇ ਭੁਗਤ ਰਹੇ ਹਨ।
ਅਮਿਤ ਰਤਨ ਦੀ ਗ੍ਰਿਫਤਾਰੀ 'ਤੇ ਘੇਰੀ ਸਰਕਾਰ: ਡਾਕਟਰ ਰਾਜ ਕੁਮਾਰ ਵੇਰਕਾ ਨੇੇ ਕਿਹਾ ਕਿ ਪੰਜਾਬ ਦੇ ਦੋ ਮੰਤਰੀਆਂ 'ਤੇ ਭ੍ਰਿਸ਼ਟਾਚਾਰ ਕਰਨ ਕਰਕੇ ਕਾਰਵਾਈ ਕੀਤੀ ਜਾ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੀ ਵਿਜਿਲੈਂਸ ਵੱਲੋਂ ਗਿਰਫਤਾਰੀ ਕੀਤੀ ਗਈ ਹੈ। ਅੱਜ ਵੀ ਤੁਸੀਂ ਆਪ ਪਾਰਟੀ ਨੂੰ ਕੱਟਰ ਇਮਾਨਦਾਰ ਪਾਰਟੀ ਕਹੋਗੇ ਪਰ ਇਹ ਕੱਟਰ ਬੇਇਮਾਨ ਪਾਰਟੀ ਹੈ। ਵੇਰਕਾ ਨੇ ਕਿਹਾ ਕਿ ਮੈਂ ਭਗਵੰਤ ਮਾਨ ਦੀ ਤਾਰੀਫ਼ ਕਰਦਾ ਹਾਂ। ਉਨ੍ਹਾਂ ਕਿਹਾ ਕਿ ਫ੍ਰੀ ਹੈਂਡ ਵਿਜ਼ੀਲੈਂਸ ਨੂੰ ਦਿੱਤਾ ਗਿਆ ਹੈ। ਡਾਕਟਰ ਵੇਰਕਾ ਨੇ ਕਿਹਾ ਜੇਕਰ ਇਹ ਸੱਚ ਹੈ ਅਤੇ ਅਸੀਂ ਸਵਾਗਤ ਕਰਾਂਗੇ ਕਿਸੇ ਵੀ ਕ੍ਰਪਟ ਆਦਮੀ ਉੱਤੇ ਕਾਰਵਾਈ ਹੋਵੇਗੀ ਤਾਂ ਭਗਵੰਤ ਮਾਨ ਦਾ ਸਾਥ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Hola Mohalla 2023 : ਇਸ ਖਾਸ ਮੌਕੇ ਸੰਗਤ ਲਈ ਸ਼ਟਲ ਬੱਸ ਸੇਵਾ ਦਾ ਪ੍ਰਬੰਧ, ਜਾਣੋ ਹੋਰ ਕਿਹੜੀਆਂ ਸਹੂਲਤਾਂ ਮਿਲਣਗੀਆਂ
ਚੀਮਾ ਨੇ ਵੀ ਦਿੱਤਾ ਤਿੱਖਾ ਪ੍ਰਤੀਕਰਮ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਵੀ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਲੱਖ ਕੋਸ਼ਿਸ਼ ਕੀਤੀ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਹੈ ਆਪਣੇ ਹੀ ਐਮਐਲਏ ਨੂੰ ਰੰਗੇ ਹੱਥੀਂ ਫੜਿਆ ਗਿਆ ਸੀ, ਪਰ ਉਸਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਚੀਮਾ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਪਿੰਡ ਦੀ ਪੰਚਾਇਤ, ਪਿੰਡ ਦੇ ਸਰਪੰਚ ਦੀ ਮਿਹਨਤ ਅਤੇ ਸਾਰੇ ਪਾਰਟੀਆਂ ਵੱਲੋਂ ਰਲ ਕੇ ਜੋ ਪਹਿਰਾ ਦਿੱਤਾ ਗਿਆ ਹੈ। ਅੱਜ ਉਸ ਕਾਰਨ ਹੀ ਸਰਕਾਰ ਨੂੰ ਮਜਬੂਰ ਹੋ ਕੇ ਆਪਣੇ ਐਮਐਲਏ ਨੂੰ ਗ੍ਰਿਫਤਾਰ ਕਰਨਾ ਪਿਆ ਹੈ। ਜਦੋਂਕਿ ਇਸ ਸਰਕਾਰ ਵੱਲੋਂ ਆਪਣੇ ਸਰਕਾਰੀ ਸੋਸ਼ਲ ਮੀਡੀਆ ਪੇਜ ਉੱਤੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਸੀ ਕੀ ਐਮਐਲਏ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕੀਤੇ ਟਵੀਟ: ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਈ ਟਵੀਟ ਕਰਕੇ ਆਪ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ 'ਆਪ' ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਗ੍ਰਿਫਤਾਰੀ ਨਾਲ ਇਹ ਸਾਬਤ ਹੋ ਗਿਆ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਸਟੈਂਡ ਸਹੀ ਸੀ। ਬਾਜਵਾ ਨੇ ਕਿਹਾ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਤੀਜਾ ‘ਆਪ’ ਵਿਧਾਇਕ ਹੈ, ਜਿਸ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਬਾਦਲਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਹਨ? ਇਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 'ਆਪ' ਦੇ ਹੋਰ ਵਿਧਾਇਕ ਅਤੇ ਕੁਝ ਮੰਤਰੀ ਜੋ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ, ਲੋਕਾਂ ਦੇ ਸਾਹਮਣੇ ਬੇਨਕਾਬ ਹੋਣਗੇ।