ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੀਵਾਨੀਵੱਲ ਕਲਾਂ ਦਾ ਰਹਿਣ ਵਾਲਾ ਕਰਮਬੀਰ ਸਿੰਘ ਆਰਮੀ ਦੇ ਗ੍ਰਿਫ ਵਿੱਚ ਤਾਇਨਾਤ ਸੀ, ਜੋ ਅਰੁਣਾਚਲ ਪ੍ਰਦੇਸ਼ 'ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਦਾ ਉਨ੍ਹਾਂ ਦੇ ਜੱਦੀ ਪਿੰਡ ਦੀਵਾਨੀਵੱਲ ਕਲਾਂ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਲੋਕਾਂ ਦੇ ਭਾਰੀ ਇਕੱਠ ਨੇ ਭਿੱਜੀਆਂ ਅੱਖਾਂ ਨਾਲ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ।
16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਵਿੱਚ ਕਰਦੇ ਸੀ ਕੰਮ
ਸ਼ਹੀਦ ਹੋਏ ਕਰਮਬੀਰ ਸਿੰਘ ਪਿਛਲੇ 16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਵਿੱਚ ਕੰਮ ਕਰਦੇ ਸੀ। ਇਹ ਮਹਿਕਮਾ ਜਲ,ਥਲ ਅਤੇ ਵਾਯੂ ਸੈਨਾ ਦੇ ਨਾਲ ਸੜਕਾਂ, ਪੁਲ, ਸੁਰੰਗਾਂ ਮੋਰਚੇ, ਇੱਥੋਂ ਤੱਕ ਕਿ ਏਅਰਪੋਰਟ ਬਣਾਉਣ ਦਾ ਵੀ ਕੰਮ ਕਰਦਾ ਸੀ। ਦੱਸ ਦਈਏ ਕਿ ਫੌਜ ਦੇ ਵਿੱਚ ਵੀ ਬੀਤੇ ਕਈ ਸਾਲਾਂ ਤੋਂ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਇਸ ਜਵਾਨ ਦੀ ਇੱਕ ਹਾਦਸੇ ਦੇ ਵਿੱਚ ਜਾਂਚ ਚਲੀ ਗਈ ਅਤੇ ਉਹ ਸ਼ਹੀਦ ਹੋ ਗਿਆ। ਇਹ ਜਵਾਨ ਫੌਜ ਦੇ ਵਿੱਚ ਇੱਕ ਕਰੇਨ ਆਪਰੇਟਰ ਦੇ ਵਜੋਂ ਡਿਊਟੀ ਨਿਭਾ ਰਿਹਾ ਸੀ ਅਤੇ ਉਸੇ ਦੌਰਾਨ ਪਹਾੜ ਦੇ ਡਿੱਗਣ ਦੇ ਕਾਰਨ ਇਸ ਦੀ ਜਾਨ ਚਲੀ ਗਈ।
ਲੈਂਡ ਸਲਾਈਡ ਹੋਣ ਨਾਲ ਸ਼ਹੀਦ ਹੋਏ ਕਰਮਬੀਰ ਸਿੰਘ
ਸ਼ਹੀਦ ਕਰਮਬੀਰ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਪੂਰੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਇਸ ਦੁੱਖ ਦੀ ਘੜੀ ਉੱਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚਿਆ। ਸ਼ਹੀਦ ਕਰਮਬੀਰ ਸਿੰਘ ਆਪਣੇ ਪਿੱਛੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਇੱਕ 14 ਸਾਲ ਦੇ ਬੇਟੇ ਨੂੰ ਛੱਡ ਗਿਆ ਹੈ। ਉੱਥੇ ਹੀ ਸ਼ਹੀਦ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਹ ਰੋਡ ਬਣਾਉਣ ਲਈ ਕੰਮ ਕਰ ਰਹੇ ਸੀ ਕਿ ਲੈਂਡ ਸਲਾਈਡ ਹੋਈ ਤਾਂ ਉਸ ਨੇ ਆਪਣੇ ਸਾਥੀ ਨੌਜਵਾਨ ਨੂੰ ਤਾਂ ਬਚਾਅ ਲਿਆ ਪਰ ਖੁਦ ਦੀ ਜਾਨ ਨਾ ਬਚਾਅ ਸਕਿਆ, ਇਸ ਹਾਦਸੇ ਦੌਰਾਨ ਉਹ ਮੌਕੇ ਉੱਤੇ ਹੀ ਸ਼ਹੀਦ ਹੋ ਗਿਆ। ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸਸਕਾਰ ਕੀਤਾ ਗਿਆ।
ਪੰਜਾਬ ਸਰਕਾਰ ਨੂੰ ਪਰਿਵਾਰ ਦੀ ਮਦਦ ਦੀ ਗੁਹਾਰ
ਇਸ ਦੌਰਾਨ ਐਮਐਲਏ ਸ਼ੈਰੀ ਕਲਸੀ ਦੇ ਭਰਾ ਤਰੁਣ ਕਲਸੀ ਵੀ ਸ਼ਹੀਦ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਦੌਰਾਨ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਪੰਜਾਬ ਸਰਕਾਰ ਖੜੀ ਹੈ ਅਤੇ ਉਹ ਵੀ ਕੋਸ਼ਿਸ਼ ਕਰਨਗੇ ਕਿ ਪਰਿਵਾਰ ਲਈ ਮਾਲੀ ਮਦਦ ਕੀਤੀ ਜਾ ਸਕੇ। ਉੱਥੇ ਹੀ ਗ੍ਰਿਫ ਦੇ ਸਾਬਕਾ ਫੌਜੀ ਜਵਾਨਾਂ ਨੇ ਵੀ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ।