ਅੰਮ੍ਰਿਤਸਰ: ਥਾਣਾ ਲੋਪੋਕੇ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਪੁਲਿਸ ਨੂੰ ਲੰਘੀ 13 ਸਤੰਬਰ ਨੂੰ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਦੇ ਕਤਲ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਲੰਘੀ 13 ਸਤੰਬਰ ਨੂੰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੌਲੋਵਾਲ ਵਿੱਚ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੱਲ ਘੁੱਟ ਕੇ ਕਤਲ ਕਰ ਦਿੱਤਾ ਸੀ। ਕਤਲ ਕਰਨ ਮਗਰੋਂ ਉਸ ਦੀ ਲਾਸ਼ ਨੂੰ ਲਾਗੇ ਤੋਂ ਲੰਘਦੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਗਿਆ ਸੀ।
ਹੁਣ ਪੁਲਿਸ ਨੇ ਲਗਭਗ 20 ਦਿਨਾਂ ਬਾਅਦ ਤਿੰਨ ਲੋਕਾਂ ਨੂੰ ਇਸ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਪਤਾਨ (ਜਾਂਚ) ਅੰਮ੍ਰਿਤਸਰ ਦਿਹਾਤੀ ਗੌਰਵ ਤੂਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਮੀਤ ਸਿੰਘ ਦਾ ਕਤਲ ਉਸ ਦੀ ਸਕੀ ਭਰਜਾਈ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਕਰਵਾਇਆ ਹੈ।
ਐੱਸਪੀ ਤੂਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਮ੍ਰਿਤਕ ਗੁਰਮੀਤ ਸਿੰਘ ਦੀ ਭਰਜਾਈ ਦਵਿੰਦਰ ਕੌਰ, ਉਸ ਦੇ ਮਾਮੇ ਦਾ ਲੜਕਾ ਜੋਬਨਪ੍ਰੀਤ ਸਿੰਘ ਵਾਸੀ ਪਿੰਡ ਚੀਚਾ ਅਤੇ ਜਗੀਰ ਸਿੰਘ ਵਾਸੀ ਪਿੰਡ ਬੋਪਾਰਾਏ ਖੁਰਦ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਦਵਿੰਦਰ ਕੌਰ ਦਾ ਪਤੀ ਰਣਜੀਤ ਸਿੰਘ ਮੰਦਬੁੱਧੀ ਹੈ। ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਸਿੰਘ ਅਤੇ ਜਗੀਰ ਸਿੰਘ ਨਾਲ ਪ੍ਰੇਮ ਪ੍ਰਸੰਗ ਸਨ ਤੇ ਗੁਰਮੀਤ ਸਿੰਘ ਦਵਿੰਦਰ ਕੌਰ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਇਸੇ ਦੇ ਚਲਦੇ ਦਵਿੰਦਰ ਕੌਰ ਨੇ ਗੁਰਮੀਤ ਸਿੰਘ ਨੂੰ ਰਾਹ ਵਿੱਚੋਂ ਪਾਸੇ ਕਰਨ ਲਈ ਪ੍ਰੋਕਤ ਮੁਲਜ਼ਮਾਂ ਨਾਲ ਮਿਲ ਕੇ ਗੁਰਮੀਤ ਸਿੰਘ ਦਾ ਕਤਲ ਕਰ ਦਿੱਤਾ। ਇਸੇ ਨਾਲ ਹੀ ਦਵਿੰਦਰ ਕੌਰ ਦੀ ਗੁਰਮੀਤ ਸਿੰਘ ਦੀ ਜ਼ਮੀਨ 'ਤੇ ਵੀ ਅੱਖ ਸੀ।
ਐੱਸਪੀ ਤੂਰਾ ਨੇ ਕਿਹਾ ਕਿ ਪੁਲਿਸ ਨੂੰ ਜਿਵੇਂ ਹੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਕਾਰਵਾਈ ਅਰੰਭ ਦਿੱਤੀ। ਉਨ੍ਹਾਂ ਕਿਹਾ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਪੁੱਛ-ਗਿੱਛ ਕੀਤੀ ਜਾਵੇਗੀ।