ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਨੂੰ ਮੋਰਚਾ ਲਾ ਕੇ ਬੈਠੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦਿਨ ਵੀਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੁੱਖ ਗੇਟ ਨੂੰ ਜਿੰਦਰਾ ਲਾ ਦਿੱਤਾ।
ਇਸ ਗੇਟ ਨੂੰ ਜਿੰਦਰਾ ਲਾਉਣ ਵਾਲੇ ਇਨਸਾਫ਼ ਲਈ ਬੈਠੇ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਖੋਸੇ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਅਤੇ ਪੂਰੇ ਮਸਲੇ ਬਾਰੇ ਜਾਣਿਆ।
ਖੋਸੇ ਨੇ ਕਿਹਾ ਕਿ ਅਸੀਂ ਮੋਰਚਾ ਲਾਉਣ ਤੋਂ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦਾ ਹੀ ਘਿਰਾਓ ਕਰਨ ਆਏ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਗੱਲਬਾਤ ਲਈ ਸੱਦਾ ਦਿੱਤਾ।
ਭਾਈ ਖੋਸੇ ਦਾ ਕਹਿਣਾ ਹੈ ਕਿ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਦਫ਼ਤਰ ਦੇ ਸਾਹਮਣੇ ਪਿੱਛੇ ਹੋ ਕੇ ਸ਼ਾਂਤਮਈ ਬੈਠ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ 14 ਸਤੰਬਰ ਤੋਂ ਸ਼ਾਂਤਮਈ ਮੋਰਚਾ ਲਾ ਕੇ ਬੈਠੇ ਹਨ, ਪਰ ਪਿਛਲੇ 2-3 ਦਿਨਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਉੱਚੀ ਆਵਾਜ਼ ਕਰਕੇ ਸਪੀਕਰ ਲਾਏ ਗਏ ਹਨ ਤਾਂ ਜੋ ਮੋਰਚੇ ਦੀ ਕੋਈ ਗੱਲਬਾਤ ਸੁਣਾਈ ਨਾ ਦੇਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਬਾਣੀ ਦਾ ਹੀ ਟਕਰਾਅ ਕਰਵਾ ਰਹੀ ਹੈ।
![ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੇਟ ਨੂੰ ਲਾਇਆ ਜਿੰਦਰਾ](https://etvbharatimages.akamaized.net/etvbharat/prod-images/pb-amr-lock-teja-singh-office-sgpc-pkg-720904_01102020171953_0110f_02214_930.jpg)
ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਨਾਜਾਇਜ਼ ਲਾਏ ਉੱਚੀ ਆਵਾਜ਼ ਵਾਲੇ ਸਪੀਕਰ ਬੰਦ ਨਾ ਕੀਤੇ ਤਾਂ ਉਨ੍ਹਾਂ ਵੱਲੋਂ ਮੇਨ ਗੇਟ ਨੂੰ ਜਿੰਦਰਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਇਨਸਾਫ਼ ਲੈ ਕੇ ਹਟਾਂਗੇ ਅਤੇ ਅਸੀਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਜਾਣ ਵਾਲੇ ਛੋਟੇ ਗੇਟ ਨੂੰ ਵੀ ਜਿੰਦਰਾ ਮਾਰ ਸਕਦੇ ਹਾਂ। ਪਰ ਇੱਥੋਂ ਲੰਘਣ ਵਾਲੇ ਛੋਟੇ ਮੁਲਾਜ਼ਮਾਂ ਦੀ ਰੋਜ਼ੀ ਰੋਟੀ ਇਸ ਦਫ਼ਤਰ ਨਾਲ ਜੁੜੀ ਹੈ ਅਤੇ ਵੱਡੇ ਅਧਿਕਾਰੀ ਤਾਂ ਚਾਹੁੰਦੇ ਹਨ ਕਿ ਮਸਲਾ ਵਿਗੜ ਜਾਵੇ।
ਉੱਥੇ ਹੀ ਜਦੋਂ ਇਸ ਮਸਲੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਤੇਜਾ ਸਿੰਘ ਸਮੁੰਦਰੀ ਹਾਲ ਦਾ ਮੁੱਖ ਗੇਟ ਨਹੀਂ ਹੈ ਅਤੇ ਉਹ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦੇ ਹਨ ਪਰ ਇਹ ਕਾਰਵਾਈ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਗੱਲ ਕਰਕੇ ਉਨ੍ਹਾਂ ਨੂੰ ਮੋਰਚਾ ਲਾਉਣ ਲਈ ਕਿਹਾ ਸੀ ਪਰ ਕੋਈ ਵੀ ਭੜਕਾਊ ਭਾਸ਼ਣ ਨਾ ਕਰਨ ਦਾ ਕਿਹਾ ਸੀ, ਪਰ ਇਹ ਹੁਣ ਮਨ ਮਰਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਨਾ ਚਾਹੀਦਾ ਹੈ। ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਸ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰੀਏ। ਉਨ੍ਹਾਂ ਕਿਹਾ ਕਿ ਸਾਨੂੰ ਭਰਾ ਮਾਰੂ ਜੰਗ ਤੋਂ ਬਚਣਾ ਚਾਹੀਦਾ ਹੈ।