ਅੰਮ੍ਰਿਤਸਰ: ਪਿਛਲੇ ਦਿਨੀਂ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਗੀਤ "ਮੇਰਾ ਕੀ ਕਸੂਰ" 'ਤੇ ਇਤਰਾਜ਼ ਕਰਦੇ ਹੋਏ ਕਈ ਹਿੰਦੂ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਖਿਲਾਫ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਪੁਲਿਸ ਥਾਣਿਆਂ ਵਿੱਚ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਗਾਇਕ ਰਣਜੀਤ ਬਾਵਾ ਵੱਲੋਂ ਆਪਣਾ ਗੀਤ ਸੋਸ਼ਲ ਸਾਈਟਾਂ ਤੋਂ ਹਟਾ ਦਿੱਤਾ ਗਿਆ। ਗੀਤ ਕਰਕੇ ਚੱਲੇ ਵਿਵਾਦ ਸਬੰਧੀ ਲੋਕ ਇਨਸਾਫ਼ ਪਾਰਟੀ ਵੱਲੋਂ ਧਾਰਮਿਕ ਵਿੰਗ ਦੇ ਸੂਬਾ ਇੰਚਾਰਜ ਜਗਜੋਤ ਸਿੰਘ ਖਾਲਸਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਣਜੀਤ ਬਾਵਾ ਦੇ ਗੀਤ ਵਿੱਚ ਕੋਈ ਵੀ ਸ਼ਬਦ ਕਿਸੇ ਦੀ ਸ਼ਾਨ ਦੇ ਖਿਲਾਫ਼ ਨਹੀਂ ਸੀ, ਨਾ ਹੀ ਕਿਸੇ ਧਰਮ ਨੂੰ ਠੇਸ ਪਹੁੰਚਾਈ ਗਈ ਹੈ।
ਉਨ੍ਹਾਂ ਕਿਹਾ ਕਿ ਕੁੱਝ ਲੋਕ ਵੋਟਤੰਤਰ ਅਤੇ ਆਪਣੇ ਨਿੱਜੀ ਮੁਨਾਫ਼ੇ ਖਾਤਰ ਅਜਿਹੇ ਸੱਚੇ ਬੋਲਾਂ ਦਾ ਵਿਰੋਧ ਕਰਦੇ ਹਨ ਪਰ ਸੱਚ ਕਦੇ ਮਰਦਾ ਨਹੀਂ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਸ ਗੀਤ ਦਾ ਗੀਤਕਾਰ ਬੀਰ ਸਿੰਘ ਆਪਣੇ ਸਟੈਂਡ 'ਤੇ ਕਾਇਮ ਹੈ ਤਾਂ ਫਿਰ ਰਣਜੀਤ ਬਾਵਾ ਨੂੰ ਮੁਆਫੀ ਮੰਗਣ ਦੀ ਕੀ ਲੋੜ ਪੈ ਗਈ ਸੀ? ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਸੱਚੀਆਂ ਗੱਲਾਂ 'ਤੇ ਖੜ੍ਹਨਾ ਚਾਹੀਦਾ ਹੈ ਕਿਉਂਕਿ ਜੇਕਰ ਸੱਚ ਦਾ ਡੰਕਾ ਵਜਾਉਣਾ ਹੈ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ਤੋਂ ਬਿਹਾਰ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਬੱਸ ਨੇ ਦਰੜਿਆ, 6 ਦੀ ਹੋਈ ਮੌਤ