ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਲਗਾਈ ਤਾਲਾਬੰਦੀ ਕਰਕੇ ਜਿੱਥੇ ਦੇਸ਼ ਦੀ ਆਰਥਿਕਤਾ 'ਤੇ ਭਾਰ ਪਿਆ ਹੈ, ਉੱਥੇ ਹੀ ਧਾਰਮਿਕ ਅਦਾਰਿਆਂ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ।
ਇਸੇ ਤਹਿਤ ਹੀ ਪ੍ਰਸਿੱਧ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਸੰਗਤਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਘੱਟ ਹੈ ਕਿਉਂਕਿ ਪੰਜਾਬ ਵਿੱਚ ਵੀ 20 ਮਾਰਚ ਤੋਂ ਲੌਕਡਾਊਨ ਹੈ ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਸੇਵਾ ਦਿੱਤੀ ਜਾ ਰਹੀ ਹੈ। ਭਾਵੇਂ ਸੰਗਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਥੋੜੀ ਗਿਣਤੀ ਵਿੱਚ ਆ ਰਹੀਆਂ ਹਨ ਪਰ ਗੁਰੂ ਰਾਮਦਾਸ ਲੰਗਰ ਦੇ ਲਈ ਦਾਨੀ ਸੱਜਣ ਲਗਾਤਾਰ ਸੇਵਾ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਸੰਗਤ ਦੀ ਆਮਦ ਭਾਵੇਂ ਘਟੀ ਹੈ ਪਰ ਦਾਨੀ ਸੰਗਤਾਂ ਲਗਾਤਾਰ ਕਣਕ, ਘਿਉ, ਚਾਵਲ ਆਦਿ ਦੀ ਸੇਵਾ ਕਰ ਰਹੀਆਂ ਹਨ।