ਅੰਮ੍ਰਿਤਸਰ: ਪੰਥ ਵਿੱਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਛਕਾਏ ਜਾਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਤਰਨਾ ਦਲ ਵੱਲੋਂ ਲੰਗਾਹ ਨੂੰ ਅੰਮ੍ਰਿਤ ਭੁੱਲ ਕੇ ਛਕਾਏ ਜਾਣ ਬਾਰੇ ਕਿਹਾ ਗਿਆ। ਤਰਨਾ ਦਲ ਦੇ ਆਗੂ ਨੇ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਜਾਣੇ-ਅਣਜਾਣੇ ਵਿੱਚ ਹੋ ਗਈ।
ਧਾਰੀਵਾਲ ਦੇ ਗੁਰਦੁਆਰਾ ਗੁਰਦਾਸ ਨੰਗਲ ਵਿਖੇ ਲੰਗਾਹ ਨੂੰ ਤਰਨਾ ਦਲ ਜਥੇਬੰਦੀ ਦੇ 5 ਪਿਆਰਿਆਂ ਵੱਲੋਂ ਅੰਮ੍ਰਿਤ ਛਕਾਉਣ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਈ ਸੀ, ਜਿਸ ਸਬੰਧ ਵਿੱਚ ਸੋਮਵਾਰ ਨੂੰ ਤਰਨਾ ਦਲ ਜਥੇਬੰਦੀ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਪੱਖ ਰੱਖਣ ਲਈ ਪਹੁੰਚੇ।
ਤਰਨਾ ਦਲ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਭੁਲੇਖੇ ਨਾਲ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ ਤਾਂ ਇਸ ਮੌਕੇ ਸੁੱਚਾ ਸਿੰਘ ਲੰਗਾਹ ਆ ਗਿਆ। ਉਸ ਨੇ ਕਿਹਾ ਗਿਆ ਕਿ ਮੇਰੇ ਵੱਲੋਂ ਭੁੱਲ ਹੋ ਗਈ ਹੈ, ਇਸ ਲਈ ਮੁਆਫ਼ ਕਰਕੇ ਅੰਮ੍ਰਿਤ ਛਕਾਇਆ ਜਾਵੇ, ਇਸ ਲਈ 5 ਪਿਆਰਿਆਂ ਵੱਲੋਂ ਗੁਰਮਤਾ ਕਰਕੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਦਿੱਤਾ ਗਿਆ।
ਇਸ ਮੌਕੇ ਤਰਨਾ ਦਲ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਸਜ਼ਾ ਮਿਲੇਗੀ ਉਸ 'ਤੇ ਪਹਿਰਾ ਦੇਣਗੇ।