ਅੰਮ੍ਰਿਤਸਰ: ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਕਿਸਾਨੀ ਸੰਘਰਸ਼ ਵੱਡੇ ਪੱਧਰ 'ਤੇ ਜਾਰੀ ਹੈ। ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਮੁਅਤਲ ਕੀਤਾ ਗਿਆ ਹੈ। ਇਸੇ ਦੌਰਾਨ ਮਾਝੇ ਇਲਾਕੇ ਵਿੱਚ ਸੰਘਰਸ਼ ਕਰ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਵਾਰੀ ਗੱਡੀਆਂ ਨੂੰ ਰਾਹ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸੰਘਰਸ਼ ਕਮੇਟੀ ਨੇ ਮੁੜ ਜੰਡਿਆਲਾ ਗੁਰੂ ਵਿਖੇ ਰੇਲਵੇ ਲਾਈਨਾਂ 'ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਮੇਟੀ ਦਾ ਕਹਿਣਾ ਹੈ ਕਿ ਉਹ ਸਿਰਫ਼ ਮਾਲ ਗੱਡੀਆਂ ਨੂੰ ਲੰਘਣ ਦੇਣਗੇ।
ਅੱਧੀ ਰਾਤ ਨੂੰ ਕਿਸਾਨਾਂ ਨੇ ਉਸ ਸਮੇਂ ਆਪਣਾ ਧਰਨਾ ਪੱਟੜੀ 'ਤੇ ਮੁੜ ਸ਼ੁਰੂ ਕੀਤਾ ਜਦੋਂ ਮੁੰਬਈ ਤੋਂ ਆ ਰਹੀ ਗੋਲਡਨ ਟੈਮਪਲ ਮੇਲ ਨੇ ਲੰਘਣਾ ਸੀ। ਕਿਸਾਨਾਂ ਨੇ ਇਸ ਗੱਡੀ ਨੂੰ ਲੰਘਣ ਨਹੀਂ ਦਿੱਤਾ ਅਤੇ ਆਪਣਾ ਧਰਨਾ ਪੱਟੜੀ 'ਤੇ ਸ਼ੁਰੂ ਕਰ ਦਿੱਤਾ। ਇਸ ਮਗਰੋਂ ਰੇਲ ਗੱਡੀ ਨੂੰ ਬਿਆਸ ਤੋਂ ਬਾ-ਰਾਸਤਾ ਤਰਨ-ਤਾਰਨ ਹੁੰਦੇ ਹੋਏ ਅੰਮ੍ਰਿਤਸਰ ਘੱਲਿਆ ਗਿਆ।
ਇਸ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲ ਸੱਕਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਹਿੱਤਾਂ ਲਈ ਕੇਂਦਰ ਦੀ ਮੋਦੀ ਸਰਕਾਰ ਨਾਲ ਗੰਢਤੁਪ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ, ਪ੍ਰਦੂਸ਼ਨ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾ ਕੇ ਹੀ ਰਹਿਣਗੇ।
ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ ਕਮੇਟੀ ਨੂੰ ਪੰਜਾਬ ਵਿਰੋਧੀ ਕਹਿਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੋਦੀ ਨਾਲ ਰੱਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਾਲ ਗੱਡੀਆਂ ਤੋਂ ਬਿਨ੍ਹਾ ਕੋਈ ਵੀ ਗੱਡੀ ਨਹੀਂ ਨਿਕਲਣ ਦਿੱਤੀ ਜਾਵੇਗੀ।