ਅੰਮ੍ਰਿਤਸਰ: ਖੇਤੀ ਕਾਨੂੰਨਾਂ ਵਿਰੁੱਧ ਜੰਡਿਆਲਾ ਰੇਲਵੇ ਟਰੈਕ ਉੱਤੇ ਚੱਲ ਰਹੇ ਪ੍ਰਦਰਸ਼ਨ ਨੂੰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਗਰਾਊਂਡ ਵਿੱਚ ਜਾਰੀ ਰੱਖਣ ਦਾ ਵੀ ਫ਼ੈਸਲਾ ਕੀਤਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਕਿਹਾ ਕਿ 189 ਦਿਨਾਂ ਤੋਂ ਜੰਡਿਆਲਾ ਗੁਰੂ ਰੇਲਵੇ ਟਰੈਕ ਉੱਤੇ ਬੈਠ ਕੇ 'ਰੇਲ ਰੋਕੋ ਅੰਦੋਲਨ' ਚਲਾ ਰਿਹਾ ਸੀ ਉਸ ਨੂੰ ਝੋਨੇ ਤੱਕ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਕਿਹਾ ਜਾ ਰਿਹਾ ਸੀ ਕਿ ਜਦੋਂ ਤੱਕ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਟ੍ਰੇਨਾਂ ਅੱਗੇ ਨਹੀਂ ਜਾਣ ਦਿੱਤੀਆਂ ਜਾਣਗੀਆਂ। ਹੁਣ ਦੂਸਰੀਆਂ ਕਿਸਾਨ ਜਥੇਬੰਦੀਆਂ ਦੇ ਦਬਾਅ ਹੇਠ ਆ ਕੇ ਸਰਵਣ ਸਿੰਘ ਪੰਧੇਰ ਨੇ ਇਹ ਫ਼ੈਸਲਾ ਲਿਆ ਕਿ ਹੁਣ ਉਹ ਰੇਲ ਰੋਕੋ ਅੰਦੋਲਨ ਖ਼ਤਮ ਕਰਨਗੇ ਪਰ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨਜ਼ਦੀਕ ਬਣੀ ਗਰਾਊਂਡ ਵਿੱਚ ਆਪਣਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ ਜਿੰਨੀ ਦੇਰ ਤੱਕ ਖੇਤੀ ਸੁਧਾਰ ਕਾਨੂੰਨ ਰੱਦ ਨਹੀਂ ਹੁੰਦੇ।