ਅੰਮ੍ਰਿਤਸਰ: ਅੰਮ੍ਰਿਤਸਰ ਅਤੇ ਤਰਨਤਾਰਨ ਦੇ +2 ਪਾਸ ਸਰਕਾਰੀ ਸਕੂਲਾਂ ਦੇ ਐਨ.ਐਸ.ਕਿਊ. ਅਤੇ ਸਟੇਟ ਵੋਕੇਸ਼ਨਲ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਦੇ ਮਨੋਰਥ ਨਾਲ ਸੂਬਾ ਸਰਕਾਰ ਵੱਲੋਂ ਰੁਜ਼ਗਾਰ ਮੇਲਾ ਲਗਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਾਲ ਰੋਡ ਵਿਖੇ ਦੂਜੇ ਰੁਜ਼ਗਾਰ ਮੇਲੇ ਦਾ ਉਦਘਾਟਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤਾ।
ਢਿੱਲੋਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ +2 ਪਾਸ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਵੋਕੇਸ਼ਨਲ ਕੋਰਸ ਕਰਵਾ ਕੇ ਰੁਜ਼ਾਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ 35 ਕੰਪਨੀਆਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਕੰਪਨੀਆਂ ਵੱਲੋਂ ਆਪਣੀ ਮੰਗ ਅਨੁਸਾਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ।
ਡਿਪਟੀ ਡਾਇਰੈਕਟਰ ਵੋਕੇਸ਼ਨਲ ਸੁਭਾਸ਼ ਮਹਾਜਨ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਤਰਨਤਾਰਨ ਦੇ 736 ਵਿਦਿਆਰਥੀ ਇਸ ਰੁਜ਼ਗਾਰ ਮੇਲੇ ਵਿੱਚ ਪਹੁੰਚੇ ਅਤੇ ਆਈਆਂ ਹੋਈਆਂ ਕੰਪਨੀਆਂ ਵੱਲੋਂ ਮੌਕੇ 'ਤੇ ਹੀ 478 ਵਿਦਿਆਰਥੀਆਂ ਦੀ ਪਲੇਸਮੈਂਟ ਕੀਤੀ ਗਈ ਹੈ।
ਢਿੱਲੋਂ ਨੇ ਕਿਹਾ ਕਿ ਹੁਨਰ ਹੈ ਤਾਂ ਰੁਜ਼ਗਾਰ ਦੇ ਸਲੋਗਨ ਤਹਿਤ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੁਦ ਖੜੇ ਹੋ ਸਕਣ।