ਅੰਮ੍ਰਿਤਸਰ: ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਲਈ ਕਿਸਾਨ ਲਗਭਗ ਇੱਕ ਸਾਲ ਤੋਂ ਦਿੱਲੀ (Delhi) ਦੀਆਂ ਬਰੂਹਾਂ ਉੱਤੇ ਸੰਘਰਸ਼ ਲੜ ਰਹੇ ਹਨ। ਇਸਦੇ ਚੱਲਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ (India closed) ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸਦੇ ਤਹਿਤ ਅੱਜ ਸਵੇਰ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਭਾਰਤ ਬੰਦ ਰਹੇਗਾ। ਅੱਜ ਵੱਖ ਵੱਖ ਥਾਵਾਂ ਉੱਤੇ ਧਰਨੇ ਲਗਾ ਕੇ ਕਿਸਾਨਾਂ ਵੱਲੋਂ ਇਸਨੂੰ ਸਫ਼ਲ ਬਣਾਇਆ ਜਾ ਰਿਹਾ ਹੈ।
ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਵਿਚ ਭਰਵਾਂ ਹੁੰਗਾਰਾ ਮਿਲਿਆ। ਇਥੇ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇ.ਐੱਮ.ਐੱਸ.ਸੀ.) ਦੇ ਬੈਨਰ ਹੇਠ, ਨੰਗੇ ਧੜ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਉਨ੍ਹਾਂ ਵਲੋਂ ਅੰਮ੍ਰਿਤਸਰ-ਦਿੱਲੀ ਰੇਲਵੇ ਟ੍ਰੈਕ ਰੋਕਿਆ ਗਿਆ। ਇਸਦੇ ਨਾਲ ਹੀ ਹੋਰ ਥਾਈਂ ਵੀ ਕਿਸਾਨਾਂ ਵਲੋਂ ਸੜਕਾਂ ਅਤੇ ਰੇਲਵੇ ਲਾਈਨਾਂ ਰੋਕੀਆਂ ਗਈਆਂ। ਤਰਨਤਾਰਨ ਵਿਚ ਵੀ ਅੰਮ੍ਰਿਤਸਰ-ਖੇਮਕਰਣ, ਅੰਮ੍ਰਿਤਸਰ ਤੋਂ ਤਰਨਤਾਰਨ ਦਾ ਬਿਆਸ ਰੇਲ ਰੂਟ ਵੀ ਬੰਦ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਵੱਖ ਵੱਖ ਥਾਵਾਂ ਉੱਤੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਇਆ ਜਾ ਰਿਹਾ ਹੈ। ਅੱਗੋਂ ਵੀ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੇਗਾ ਅਸੀਂ ਉਸ ਨੂੰ ਪੂਰਾ ਕਰਾਂਗੇ।
ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਸਾਡਾ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ:- ਕਿਸਾਨਾਂ ਬਾਰੇ ਪੁੱਛੇ ਸਵਾਲ 'ਤੇ ਤੋਮਰ ਦਾ ਅਜੀਬੋ ਗਰੀਬ ਬਿਆਨ