ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦ ਰਾਹੀਂ 16 ਫ਼ਰਵਰੀ 2019 ਤੋਂ ਵਪਾਰ ਬੰਦ ਹੋ ਗਿਆ ਹੈ, ਜਿਸ ਕਾਰਨ ਅਟਾਰੀ ਦਾ ਪੂਰਾ ਸਰਹੱਦੀ ਖੇਤਰ ਬੇਰੁਜ਼ਗਾਰ ਹੋ ਗਿਆ। ਇਸ ਲਈ ਲੋਕਾਂ ਨੇ ਇਥੋਂ ਜਾਣਾ ਸ਼ੁਰੂ ਕਰ ਦਿੱਤਾ ਸੀ, ਪਰ ਹੁਣ ਉਨ੍ਹਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਭਾਰਤ ਅਤੇ ਅਫ਼ਗਾਨਿਸਾਤਨ ਵਿਚਕਾਰ ਵਪਾਰ ਦੁਬਾਰਾ ਸ਼ੁਰੂ ਹੋ ਗਿਆ ਹੈ।
ਭਾਰਤ-ਅਫ਼ਗਾਨਿਸਤਾਨ ਵਿਚਕਾਰ ਵਪਾਰ ਪਿਛਲੇ 4 ਮਹੀਨਿਆਂ ਤੋਂ ਬੰਦ ਹੈ, ਕਿਉਂਕਿ ਪਾਕਿਸਤਾਨ ਨੇ ਕੋਰੋਨਾ ਕਾਰਨ ਅਫ਼ਗਾਨਿਸਤਾਨ ਦੀ ਸਰਹੱਦ ਬੰਦ ਕਰ ਦਿੱਤੀ ਸੀ।
ਟਰੱਕ ਯੂਨੀਅਨ ਦੇ ਮੈਂਬਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ-ਅਫ਼ਗਾਨਿਸਤਾਨ ਵਿੱਚ ਜੋ ਵਪਾਰ ਸ਼ੁਰੂ ਹੋਇਆ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ। ਇਹ ਨਾਲ ਬੇਰੁਜ਼ਗਾਰ ਹੋ ਚੁੱਕੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੇ ਇਲਾਕੇ ਨੂੰ ਛੱਡਣ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਹੈ।
ਡ੍ਰਾਈ-ਫਰੂਟ ਅਤੇ ਜੜੀ-ਬੂਟੀਆਂ ਦੇ ਟਰੱਕ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਅਟਾਰੀ ਵਾਹਗਾ ਸਰਹੱਦ ਤੋਂ ਤਿੰਨ-ਚਾਰ ਦਿਨਾਂ ਦੇ ਅੰਦਰ ਭਾਰਤ ਤੱਕ ਪਹੁੰਚਣਗੇ ਕਿਉਂਕਿ ਇਹ ਟਰੱਕ ਅਤੇ ਉਨ੍ਹਾਂ ਵਿਚ ਲੱਦਿਆ ਸਮਾਨ 24 ਘੰਟਿਆਂ ਲਈ ਅਟਾਰੀ 'ਤੇ ਰੱਖਿਆ ਜਾਵੇਗਾ। ਪੂਰਾ ਮਾਲ ਕੁਆਰੰਟੀਨ ਸਟੇਸ਼ਨ 'ਤੇ ਰਹੇਗਾ ਅਤੇ ਇਸ ਨੂੰ ਸੈਨੀਟਾਈਜਡ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ।
ਵੀ ਕੇ ਬਜਾਜ, ਪ੍ਰਧਾਨ ਇੰਡੋ-ਪਾਕਿ ਚੈਂਬਰ ਆਫ਼ ਕਾਮਰਸ ਨੇ ਦੱਸਿਆ ਕਿ ਇਸ ਵਪਾਰ ਨਾਲ ਜਿਥੇ ਵਪਾਰੀਆਂ ਨੂੰ ਸੁੱਖ ਹੋਵੇਗਾ, ਉੱਥੇ ਹੀ ਲੇਬਰ ਨੂੰ ਵੀ ਹੌਂਸਲਾ ਮਿਲੇਗਾ ਅਤੇ ਨਾਲ ਹੀ ਗਾਹਕਾਂ ਨੂੰ ਵੀ ਲੋੜੀਂਦੀਆਂ ਵਸਤਾਂ ਮਿਲ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜੋ ਵੀ ਮਾਲ ਆਵੇਗਾ ਉਸ ਨਾਲ ਟਰੱਕਾਂ ਅਤੇ ਵਪਾਰੀਆਂ ਨੂੰ ਬਰਾਬਰ-ਬਰਾਬਰ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਨੇ ਕਦੇ ਵੀ ਪਾਕਿਸਤਾਨ ਨਾਲ ਵਪਾਰ ਬੰਦ ਨਹੀਂ ਕੀਤਾ, ਸਗੋਂ ਭਾਰਤ ਵੱਲੋਂ ਡਿਊਟੀ ਵਧਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ ਸਰਕਾਰ ਨੇ ਵਪਾਰ ਉੱਤੇ ਰੋਕ ਲਾ ਦਿੱਤੀ ਸੀ।