ਅੰਮ੍ਰਿਤਸਰ: ਇੱਕ ਪਾਸੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਵੱਲੋਂ ਸੂਬੇ ਭਰ ਵਿੱਚ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਹਨ ਦੂਸਰੇ ਪਾਸੇ ਸਿੱਖ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਇਸ ਵਿਚਾਲੇ ਪੁਲਿਸ ਅਧਿਕਾਰੀ ਆਈ ਜੀ ਜਸਕਰਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਹ ਬੰਦ ਕਮਰਾ ਮੁਲਾਕਾਤ ਰਹੀ।
ਅੰਮ੍ਰਿਤਪਾਲ ਉੱਤੇ ਨਹੀਂ ਹੋਈ ਚਰਚਾ: ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਜੀ ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਰਹੇ ਹਨ ਅਤੇ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਦੇ ਵਿੱਚ ਜਥੇਦਾਰ ਸਾਬ੍ਹ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਅਤੇ ਉਹ ਨਿੱਜੀ ਤੌਰ ਉੱਤੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਖਿਆ ਕਿ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਉੱਤੇ ਕਿਸੇ ਵੀ ਗੱਲ ਨੂੰ ਲੈ ਕੇ ਕੋਈ ਵਿਚਾਰ ਨਹੀਂ ਕੀਤੀ ਗਈ।
ਹਾਲਾਤਾਂ ਕਾਰਨ ਸਿੱਖਾਂ ਦੇ ਮਨਾਂ ਵਿੱਚ ਬੇਚੈਨੀ ਦਾ ਮਾਹੌਲ: ਦੱਸ ਦਈਏ ਜਥੇਦਾਰ ਦੀ ਆਈਜੀ ਜਸਕਰਨ ਸਿੰਘ ਨਾਲ ਹੋਈ ਇਸ ਮੁਲਾਕਾਤ ਨੂੰ ਜ਼ਿਆਦਾ ਅਹਮੀਅਤ ਇਸ ਲਈ ਵੀ ਦਿੱਤੀ ਜਾ ਰਹੀ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਰਕਾਰ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ। ਇੰਟਰਨੈੱਟ ਸੇਵਾਵਾਂ ਬੰਦ ਕਰਕੇ ਲੋਕਾਂ ਨੂੰ ਸੂਚਨਾ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਵਿੱਚ ਕਈ ਤਰ੍ਹਾਂ ਦੇ ਡਰ ਪੈਦਾ ਹੋ ਰਹੇ ਹਨ। ਸਰਕਾਰ ਇਸ ਤਰ੍ਹਾਂ ਦੀ ਸਸਤੀ ਰਾਜਨੀਤੀ ਕਰ ਰਹੀ ਹੈ। ਇਸ ਦੌਰਾਨ ਸਿੱਖ ਧਰਮ ਦੇ ਸਿਰਮੋਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਹਾਲਾਤਾਂ 'ਤੇ ਵਿਚਾਰ ਕਰਨ ਲਈ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਸਮੂਹ ਮੀਟਿੰਗ ਵੀ ਬੁਲਾਈ ਸੀ। ਇਸ ਸੰਬੰਧੀ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਸੀ ਕਿ ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਕਾਰਨ ਸਿੱਖਾਂ ਦੇ ਮਨਾਂ ਵਿੱਚ ਬੇਚੈਨੀ ਦਾ ਮਾਹੌਲ ਹੈ। ਇਹ ਇਕੱਠ ਸਿੱਖ ਨੌਜਵਾਨਾਂ ਦੀ ਨਜਾਇਜ਼ ਗ੍ਰਿਫਤਾਰੀ ਅਤੇ ਲੋਕਾਂ ਦੇ ਭਵਿੱਖ ਲਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Tajinder Gorkha Baba: ਤਜਿੰਦਰ ਗੋਰਖਾ ਬਾਬਾ ਨੇ ਵੀ ਕੀਤੇ ਅਹਿਮ ਖੁਲਾਸੇ, ਤਿਆਰ ਹੋ ਰਹੀ ਸੀ ਅਨੰਦਪੁਰ ਖਾਲਸਾ ਫੌਜ