ਅੰਮ੍ਰਿਤਸਰ: ਪਿਛਲੇ 51 ਦਿਨ ਤੋਂ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਆਮ ਵਰਗ ਦੀਆਂ ਹੱਕੀ ਮੰਗਾਂ ਨੂੰ ਲੈ ਕੇ, ਕਿਸਾਨ ਮਜ਼ਦੂਰ ਸੰਘਰਜ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਸ਼ੁਰੂ ਹੋਏ ਪੰਜਾਬ ਪੱਧਰੀ ਅੰਦੋਲਨ ਦੌਰਾਨ 10 ਜ਼ਿਲ੍ਹਿਆਂ ਵਿਚ ਲੱਗੇ ਡੀਸੀ ਦਫਤਰਾਂ ਦੇ ਮੋਰਚੇ ਅਤੇ 15 ਦਸੰਬਰ ਤੋਂ 15 ਜਨਵਰੀ ਤੱਕ ਲਈ ਐਲਾਨੇ ਗਏ ਟੋਲ ਪਲਾਜ਼ਿਆ ਦੇ ਮੋਰਚੇ ਹੁਣ ਚੁੱਕ ਲਏ ਗਏ ਹਨ।
ਚਾਲਾਂ ਨੂੰ ਸਮਝੇ ਲੋਕ: ਇਸ ਮੌਕੇ ਅੰਮ੍ਰਿਤਸਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਰਚੇ ਤੋਂ ਬੋਲਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਹੀ ਵਿਚ ਪੰਜਾਬ ਦੇ ਲੋਕਾਂ ਨੇ ਦਿੱਲੀ ਮੋਰਚੇ ਤੋਂ ਬਾਅਦ ਪੰਜਾਬ ਦਾ ਦੂਜਾ ਸਭ ਤੋਂ ਲੰਬਾ ਅੰਦੋਲਨ ਚਲਾ ਕੇ ਦੱਸ ਦਿੱਤਾ ਹੈ ਕਿ ਲੋਕ ਹੱਕੀ ਮੰਗਾਂ ਦੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਹਨ ਅਤੇ ਸਰਕਾਰਾਂ ਦੀਆਂ ਚਾਲਾਂ ਸਮਝ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਿਰਫ ਅੰਦੋਲਨ ਦੇ ਇਹ ਵਾਲੇ ਰੂਪ ਦੇ ਪੜਾਅ ਪੂਰੇ ਹੋਏ ਹਨ, ਜਦਕਿ ਲੋਕ ਮੰਗਾਂ ਦੀ ਪੂਰਤੀ ਲਈ ਅੰਦੋਲਨ ਦੂਜੇ ਵੱਖ ਵੱਖ ਬਦਲਵੇਂ ਜੇ ਰੂਪਾਂ ਵਿਚ ਜਾਰੀ ਹਨ ਅਤੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ |
ਟੋਲ ਮੁੜ ਕਰਾਂਗੇ ਬੰਦ: ਉਨ੍ਹਾਂ ਕਿਹਾ ਕਿ ਭਾਵੇਂ ਅੱਜ ਜਥੇਬੰਦੀ ਆਪਣੇ ਐਲਾਨ ਪ੍ਰੋਗਰਾਮ ਅਨੁਸਾਰ ਟੋਲ ਪਲਾਜ਼ੇ ਖਾਲੀ ਕਰ ਰਹੀ ਹੈ ਪਰ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਸੜਕਾਂ ਖੁਦ ਬਣਵਾਏ ਜਾਂ ਟੋਲ ਪਲਾਜ਼ਿਆ ਨੂੰ ਜਨਤਕ ਅਦਾਰੇ ਐਲਾਨ ਕੇ ਰੇਟ 75% ਘਟਾਵੇ, ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰੇ ਅਤੇ ਆਵਾਜਾਈ ਦੇ ਸਾਧਨਾਂ ਦੀ ਰਜਿਸਟਰੇਸ਼ਨ ਉੱਤੇ ਰੋਡ ਟੈਕਸ ਲੈਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਲਗਭਗ ਸਾਰੇ ਟੋਲ ਪਲਾਜ਼ਾ ਕੰਪਨੀਆਂ ਕੋਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਪੁਆ ਦਿੱਤੀਆਂ ਗਈਆਂ ਹਨ ਅਤੇ ਟੋਲ ਫੀਸ ਨਾ ਵਧਾਉਣ ਦੀ ਗਰੰਟੀ ਕੀਤੀ ਗਈ ਹੈ, ਪਰ ਜੇਕਰ ਕੋਈ ਕੰਪਨੀ ਇਸ ਦੇ ਉਲਟ ਜਾਂਦੀ ਹੈ ਤਾਂ ਉਸਦੇ ਟੋਲ ਦੋਬਾਰਾ ਬੰਦ ਕਰਵਾਏ ਜਾਣਗੇ।
ਅਸਲੀਅਤ ਆਈ ਸਾਹਮਣੇ: ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚਲਦੇ ਅੰਦੋਲਨ ਵਿਚ ਅੱਜ ਤੱਕ ਸਰਕਾਰ ਵੱਲੋਂ ਗੱਲਬਾਤ ਤੋਂ ਭੱਜਣਾ ਜਥੇਬੰਦੀ ਦੁਆਰਾ ਚੋਣਾਂ ਦੌਰਾਨ ਕੀਤੇ ਦਾਅਵੇ ਨੂੰ ਸਾਬਿਤ ਕਰਦਾ ਹੈ ਕਿ ਸਿਆਸਤਦਾਨ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ ਇਸ ਨਾਲ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਉੱਤੇ ਕੋਈ ਫਰਕ ਨਹੀਂ ਪੈਂਦਾ, ਉਹ ਹਮੇਸ਼ਾ ਲੋਕ ਮੰਗਾਂ ਦੀ ਅਣਦੇਖੀ ਕਰਕੇ ਕਾਰਪੋਰੇਟ ਦੇ ਪੱਖ ਵਿਚ ਖੜਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਥੇਬੰਦੀ ਆਪਣਾ ਫਰਜ਼ ਨਿਭਾਉਂਦੇ ਹੋਏ ਜ਼ੀਰਾ ਮੋਰਚੇ ਵਿਚ ਪੂਰੀ ਸਰਗਰਮੀ ਨਾਲ ਹਿੱਸੇਦਾਰੀ ਪਾ ਰਹੀ ਹੈ।
ਇਹ ਵੀ ਪੜ੍ਹੋ: SAD BSP Alliance in Punjab: ਲੋਕ ਸਭਾ ਚੋਣ 2024 ਵਿੱਚ ਵੀ SAD ਅਤੇ BSP ਦਾ ਰਹੇਗਾ ਗਠਜੋੜ
ਪੰਜਾਬ ਪੱਧਰੀ ਐਕਸ਼ਨ ਪ੍ਰੋਗਰਾਮਾ: ਉਨ੍ਹਾਂ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਤੇ ਜਾਣ ਵਾਲੇ ਪੰਜਾਬ ਪੱਧਰੀ ਐਕਸ਼ਨ ਪ੍ਰੋਗਰਾਮਾਂ ਵਿੱਚ ਜ਼ੀਰਾ ਮਸਲਾ ਹੱਲ ਕਰਵਾਉਣ, ਐੱਮ ਐੱਸ ਪੀ ਗਰੰਟੀ ਕਾਨੂੰ ਬਣਵਾਉਣਾ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣਾ, ਮਜ਼ਦੂਰਾਂ ਲਈ ਸਾਲ 365 ਦਿਨ ਰੁਜਗਾਰ, ਨਸ਼ੇ ਉੱਤੇ ਪੂਰਨ ਕੰਟਰੋਲ ਅਤੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਉੱਤੇ ਸੰਘਰਸ਼ ਜਾਰੀ ਹੈ। ਇਸ ਮੌਕੇ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਅਤੇ ਮੰਗਜੀਤ ਸਿੰਘ ਸਿੱਧਵਾਂ ਨੇ ਆਮ ਜਨਤਾ ਨੂੰ ਅਪੀਲ ਕਰਦੇ ਕਿਹਾ ਕਿ ਇਸ ਸਮੇ ਦੇਸ਼ ਤੇ ਪੰਜਾਬ ਅੰਦਰ ਤਾਨਾਸ਼ਾਹੀ ਚੱਲ ਰਹੀ ਹੈ ਅਤੇ ਸਹੀ ਮਾਇਨਿਆਂ ਵਿਚ ਲੋਕਤੰਤਰ ਦੀ ਬਹਾਲੀ ਲਈ ਲੋਕਾਂ ਨੂੰ ਸੰਘਰਸ਼ਾਂ ਲਈ ਕਮਰ ਕੱਸਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ 26 ਜਨਵਰੀ ਨੂੰ ਵੱਡੇ ਇੱਕਠ ਕਰਕੇ ਲੋਕ ਰੋਹ ਦਾ ਪ੍ਰਦਰਸ਼ਨ ਕੀਤਾ ਜਾਵੇਗਾ।