ਅੰਮ੍ਰਿਤਸਰ: ਸਾਲ 2020 ਮਾਰਚ ਦੇ ਮਹੀਨੇ ਚ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਜਦੋਂ ਅਚਾਨਕ ਲੌਕਡਾਊਨ ਅਤੇ ਕਰਫਿਊ ਲਗਾ ਦਿੱਤਾ ਗਿਆ। ਜਿਸ ਕਾਰਨ ਲੋਕਾਂ ਦੀ ਰਫਤਾਰ ਰੁਕ ਗਈ ਸੀ। ਉੱਥੇ ਹੀ ਦੂਜੇ ਪਾਸੇ ਉਸ ਮਹਾਂਮਾਰੀ ਦੇ ਸਮੇਂ ਲੋਕਾਂ ਦੇ ਲਈ ਮਸੀਹਾ ਬਣ ਦਿਨ ਰਾਤ ਸੇਵਾ ਕਰਨ ਵਾਲੇ ਧਾਰਮਿਕ ਸਥਾਨਾਂ ਦੇ ਸੇਵਾਦਾਰ, ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਮੁਲਾਜਮਾਂ ਦਾ ਮੁੱਖ ਯੋਗਦਾਨ ਰਿਹਾ ਹੈ। ਇਨ੍ਹਾਂ ਨੇ ਉਸ ਸਮੇਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਤੇ ਲੋਕਾਂ ਤੋਂ ਨਿਯਮਾਂ ਦੀ ਪਾਲਣਾ ਵੀ ਕਰਵਾਈ।
ਕਾਬਿਲੇਗੌਰ ਹੈ ਕਿ ਇਸੇ ਤਹਿਤ ਕੋਰੋਨਾ ਕਾਲ ਦੌਰਾਨ ਫਰੰਟ ਲਾਈਨ ਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਦੀ ਹੌਂਸਲਾ ਅਫਜਾਈ ਲਈ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਫਰੇਮਡ ਸਨਮਾਨ ਪੱਤਰ ਅਤੇ ਮੈਡਲਾਂ ਨਾਲ ਅੰਮ੍ਰਿਤਸਰ ਦਿਹਾਤੀ ਦੇ ਵੱਖ ਵੱਖ ਥਾਣਿਆਂ ਨਾਲ ਸਬੰਧਿਤ ਅਫਸਰਾਂ ਅਤੇ ਮੁਲਾਜਮਾਂ ਨੂੰ ਸਨਮਾਨਿਤ ਕੀਤਾ।
ਇਹ ਵੀ ਪੜੋ:ਡੀਐਸਪੀ ਵਰਿੰਦਰਪਾਲ ਸਿੰਘ ਦੇ ਦੇਹਾਂਤ 'ਤੇ ਡੀਜੀਪੀ ਦਿਨਕਰ ਗੁਪਤਾ ਨੇ ਪ੍ਰਗਟਾਇਆ ਦੁੱਖ
ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਕੀਤਾ ਗਿਆ ਸਨਮਾਨਿਤ
ਇਸ ਮੌਕੇ ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਸ਼ਾਨਦਾਰ ਡਿਊਟੀ ਕਰਨ ਵਾਲੇ ਅਫਸਰਾਂ ਅਤੇ ਮੁਲਾਜਮਾਂ ਲਈ ਡੀਜੀਪੀ ਪੰਜਾਬ ਵਲੋਂ “ਡਾਇਰੈਕਟਰ ਜਨਰਲ ਆਫ ਪੁਲਿਸ ਆੱਨਰ ਫਾਰ ਅਗਜੈਂਪਲਰੀ ਸੇਵਾ ਟੂ ਸੋਸਾਇਟੀ” ਦੇ ਕੀਤੇ ਐਲਾਨ ਅਨੁਸਾਰ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ਧੋਗੜੀ, ਇੰਸਪੈਕਟਰ ਸਤਪਾਲ ਸਿੰਘ, ਸਬ ਇੰਸਪੈਕਟਰ ਹਰਪਾਲ ਸਿੰਘ, ਏਐਸਆਈ ਰਫੀ ਮੁਹੰਮਦ, ਏਐਸਆਈ ਆਗਿਆਪਾਲ ਸਿੰਘ, ਏਐਸਆਈ ਚਰਨ ਸਿੰਘ, ਏਐਸਆਈ ਨਰਿੰਦਰ ਸਿੰਘ ਅਤੇ ਹੌਲਦਾਰ ਜਤਿੰਦਰ ਸਿੰਘ ਨੂੰ ਸਨਮਾਨ ਪੱਤਰ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਸੇਵਾ ਲਈ ਹਮੇਸ਼ਾਂ ਹਾਜਿਰ ਹੈ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਰ ਇੱਕ ਪੁਖਤਾ ਕਦਮ ਚੁੱਕਣਗੇ।
ਬੇਸ਼ਕ ਸਮਾਜ ਵਿੱਚ ਜਿੱਥੇ ਆਏ ਦਿਨ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਅਕਸਰ ਪੁਲਿਸ ਉੱਤੇ ਕਿਤੇ ਨਾ ਕਿਤੇ ਕਥਿਤ ਤੌਰ ’ਤੇ ਧੱਕੇਸ਼ਾਹੀ ਕਰਨ ਜਾਂ ਫਿਰ ਕਿਸੇ ਨਾ ਕਿਸੇ ਪੱਖ ਨੂੰ ਜੋੜ ਕੇ ਇਲਜਾਮ ਲਗਾਏ ਜਾਂਦੇ ਹਨ ਪਰ ਇਸ ਦੇ ਉਲਟ ਅਜਿਹੇ ਪੁਲਿਸ ਅਧਿਕਾਰੀ ਵੀ ਹਨ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।