ਅੰਮ੍ਰਿਤਸਰ: ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ, ਪਰ ਸਿੱਖ ਧਰਮ 'ਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੇ-ਮਹੱਲੇ ਦੀ ਧੂਮ ਹੁੰਦੀ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਹੋਲਾ-ਮਹੱਲਾ ਦੇਖਣ ਲਈ ਵੀ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇਹ ਤਿਉਹਾਰ ਗੁਲਾਬ ਦੇ ਫੁੱਲ ਅਤੇ ਅਤਰ ਦੇ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪਾਲਕੀ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸ਼ੁਸ਼ੋਭਿਤ ਕਰ ਸੁਖ ਆਸਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਜਾਇਆ ਗਿਆ।
ਇਹ ਵੀ ਪੜੋ: Amrit Vele Da Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਫੁੱਲਾਂ ਤੇ ਅਤਰ ਨਾਲ ਮਹਿਕਿਆ ਸ੍ਰੀ ਦਰਬਾਰ ਸਾਹਿਬ: ਸੰਗਤ ਦਾ ਹੜ੍ਹ ਭਗਤੀਮਈ ਰੰਗ ਵਿੱਚ ਰੰਗਿਆ ਫੁੱਲਾਂ ਤੇ ਅਤਰ ਦੀ ਵਰਖਾ ਕਰ ਰਿਹਾ ਸੀ ਬੱਚੇ, ਬੁੱਢੇ, ਜਵਾਨ ਤੇ ਦੂਰੋਂ-ਦੂਰੋਂ ਸੰਗਤ ਇਸ ਰੂਹਾਨੀ ਨਜ਼ਾਰੇ ਨੂੰ ਦੇਖਣ ਲਈ ਪਹੁੰਚੀ ਸੀ। ਅਜਿਹਾ ਲੱਗ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਿਵੇਂ ਖੁਸ਼ਬੂ ਦੀ ਚਾਦਰ ਨੇ ਢੱਕ ਲਿਆ ਹੋਵੇ, ਸੰਗਤ ਜਿਵੇਂ ਕਿਸੀ ਵੱਖਰੀ ਹੀ ਰੂਹਾਨੀ ਦੁਨੀਆ ਵਿੱਚ ਘੁੰਮ ਰਹੀ ਹੈ। ਇਸ ਦਿਨ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਆਉਂਦੀਆਂ ਹਨ ਤੇ ਹੋਲੇ ਮਹੱਲੇ ਦਾ ਨਜ਼ਾਰਾ ਦੇਖਦੀਆਂ ਹਨ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਉਮਰ ਦੇ ਲੋਕ ਇਸ ਰਾਤ ਨੂੰ ਮਹਿਕ ਦੀ ਰਾਤ ਬਣਾ ਦਿੰਦੇ ਹਨ। ਇਸ ਨਜ਼ਾਰੇ ਨੂੰ ਦੇਖ ਕੇ ਭਾਵੇਂ ਦੇਸੀ ਹੋਵੇ ਜਾਂ ਵਿਦੇਸ਼ੀ, ਹਰ ਕੋਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ।
ਸੰਗਤਾਂ ਦਾ ਕਹਿਣਾ ਸੀ ਕਿ ਉਹ ਖ਼ਾਸ ਇਸ ਦਿਨ ਕਰਕੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ, ਕਿਉਂਕਿ ਇਸ ਵੇਲੇ ਦਾ ਅਲੌਕਿਕ ਨਜ਼ਾਰਾ ਦੁਨੀਆਂ ਵਿਚ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਨਜ਼ਾਰਾ ਪੂਰੀ ਦੁਨੀਆ ਵਿੱਚ ਕੋਈ ਨਹੀਂ ਹੈ ਅਤੇ ਇਹ ਨਜ਼ਾਰਾ ਆਪਣੇ ਆਪ ਵਿੱਚ ਵੱਖਰੀ ਧੁੰਨ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਨਜ਼ਾਰਾ ਅਸੀਂ ਪਹਿਲੀ ਵਾਰ ਵੇਖਿਆ ਹੈ। ਦੱਸ ਦਈਏ ਕਿ ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਿੱਖ ਸੰਗਤ ਵੱਲੋਂ ਹੋਲਾ ਮਹੱਲਾ ਮਨਾਇਆ ਗਿਆ ਹੈ। ਖਾਲਸੇ ਦੇ ਜਾਹੋ ਜਲਾਲ ਦੇਖਣ ਲਈ ਦੇਸ਼ ਵਿਦੇਸ਼ ਤੋਂ ਸੰਗਤ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਹੋਈ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਨਿਹੰਗ ਸਿੰਘਾਂ ਨੇ ਮਹੱਲਾ ਕੱਢਿਆ ਤੇ ਫਿਰ ਆਪਣੇ ਜੋਹਰ ਦਿਖਾਏ।